ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ
ਗੁਰਨਾਮ ਸਿੰਘ ਚੌਹਾਨ
ਪਾਤੜਾਂ, 6 ਫਰਵਰੀ
ਪ੍ਰਾਇਮਰੀ ਅਧਿਆਪਕ ਸਤਵੀਰ ਚੰਦ ਦੇ ਹੱਕ ਵਿੱਚ ਡੈਮੋਕਰੈਟਿਕ ਟੀਚਰ ਫਰੰਟ ਬਲਾਕ ਪਾਤੜਾਂ ਵੱਲੋਂ ਤਹਿਸੀਲ ਕੰਪਲੈਕਸ ਵਿੱਚ ਮੁਜ਼ਾਹਰਾ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਵੱਡੀ ਗਿਣਤੀ ’ਚ ਇਕੱਠੇ ਹੋਏ ਅਧਿਆਪਕਾਂ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਅਰਥੀ ਫੂਕੀ। ਜਾਣਕਾਰੀ ਅਨੁਸਾਰ ਮੁਜ਼ਾਹਰੇ ਵਿੱਚ ਭਰਾਤਰੀ ਜਥੇਬੰਦੀ ਵਜੋਂ ਡਾਕਟਰ ਅੰਬੇਦਕਰ ਕਰਮਚਾਰੀ ਸੰਘ ਦੇ ਡਾ. ਜਤਿੰਦਰ ਸਿੰਘ ਮੱਟੂ ਅਤੇ ਐੱਸਸੀ ਬੀਸੀ ਅਧਿਆਪਕ ਯੂਨੀਅਨ ਦੇ ਆਗੂ ਲਖਵਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ।
ਅਧਿਆਪਕ ਆਗੂ ਅਤਿੰਦਰ ਸਿੰਘ ਘੱਗਾ ਨੇ ਕਿਹਾ ਕਿ ਅਧਿਆਪਕ ’ਤੇ ਹੋਏ ਹਮਲੇ ਦੀ ਘਟਨਾ ਦੇ ਪੰਦਰਾਂ ਦਿਨ ਬੀਤਣ ਮਗਰੋਂ ਅਚਾਨਕ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਵੱਲੋਂ ਸਿਆਸੀ ਸ਼ਹਿ ਹੇਠ ਗ੍ਰਾਮ ਪੰਚਾਇਤ ਚਿੱਚੜਵਾਲ ਦੀ ਸ਼ਿਕਾਇਤ ਦੇ ਆਧਾਰ ’ਤੇ ਅਧਿਆਪਕ ਦੀ ਬਦਲੀ ਗੁਰਦਾਸਪੁਰ ਕੀਤੀ ਗਈ ਹੈ। ਸਿੱਖਿਆ ਅਧਿਕਾਰੀਆਂ ਨੇ ਪੀੜਤ ਅਧਿਆਪਕ ਨੂੰ ਨਾ ਤਾਂ ਦੋਸ਼ ਸੂਚੀ ਜਾਰੀ ਕੀਤੀ ਹੈ ਨਾ ਕੋਈ ਪੱਖ ਰੱਖਣ ਦਾ ਮੌਕਾ ਦਿੱਤਾ ਹੈ। ਜ਼ਿਲ੍ਹਾ ਕਾਡਰ ਹੋਣ ਦੇ ਬਾਵਜੂਦ ਵਿਭਾਗੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਜ਼ਿਲ੍ਹੇ ਤੋਂ ਬਾਹਰ ਬਦਲੀ ਕਰ ਦਿੱਤੀ ਹੈ। ਮੈਡੀਕਲ ਛੁੱਟੀ ਦੇ ਚਲਦਿਆਂ ਅਧਿਆਪਕ ਸਤਵੀਰ ਚੰਦ ਨੂੰ ਉਸੇ ਦਿਨ ਬੀਪੀਈਓ ਪਾਤੜਾਂ ਅਤੇ ਸੀਐਚਟੀ ਵੱਲੋਂ ਸਕੂਲ ਤੋਂ ਫ਼ਾਰਗ ਕੀਤਾ ਗਿਆ ਹੈ। ਹਮਲੇ ਦੇ ਸ਼ਿਕਾਰ ਅਧਿਆਪਕ ਦੀ ਬਿਨਾਂ ਕਿਸੇ ਤੱਥ ਖੋਜ, ਪੜਤਾਲ ਬਿਨਾਂ ਗ੍ਰਾਮ ਪੰਚਾਇਤ ਦੀ ਸ਼ਿਕਾਇਤ ਦੇ ਆਧਾਰ ’ਤੇ ਪ੍ਰਾਇਮਰੀ ਕਾਡਰ ਹੋਣ ਦੇ ਬਾਵਜੂਦ ਜ਼ਿਲੇ ਤੋਂ ਬਾਹਰ ਫੌਰੀ ਨੋਟਿਸ ’ਤੇ ਬਦਲੀ ਕਰਨੀ ਸਿਆਸੀ ਦਖਲਅੰਦਾਜ਼ੀ ਤੋਂ ਬਿਨਾਂ ਸੰਭਵ ਨਹੀਂ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਇਨਸਾਫ਼ ਨਾ ਮਿਲਣ ਅਤੇ ਜਬਰੀ ਬਦਲੀ ਰੱਦ ਨਾ ਹੋਣ ਤੇ ਇਲਾਕੇ ਵਿੱਚ ਹਮਖਿਆਲੀ ਧਿਰਾਂ ਨਾਲ ਮਿਲ ਕੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀਟੀਐਫ ਦੇ ਜ਼ਿਲ੍ਹਾ ਸਕੱਤਰ ਜਸਪਾਲ ਖਾਂਗ, ਬਲਾਕ ਪ੍ਰਧਾਨ ਰਾਜੀਵ ਕੁਮਾਰ, ਬਲਜਿੰਦਰ ਸਿੰਘ, ਨਿਰਭੈ ਸਿੰਘ, ਸਤਪਾਲ ਸਮਾਣਾ, ਬਲਵਿੰਦਰ ਸਿੰਘ, ਰਾਮ ਕੁਮਾਰ, ਹਰਬੰਸ ਲਾਲ, ਸ਼ਾਮ ਲਾਲ, ਸੁਨੀਲ ਕੁਮਾਰ ਅਤੇ ਸਤੀਸ਼ ਕੁਮਾਰ ਹਾਜ਼ਰ ਸਨ। ਇਸੇ ਦੌਰਾਨ ਬਲਾਕ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਦੱਸਿਆ ਕਿ ਉਨ੍ਹਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਆਦੇਸ਼ਾਂ ਨੂੰ ਲਾਗੂ ਕੀਤਾ ਹੈ।