ਅਧਿਆਪਕਾਂ ਦੀ ਘਾਟ: ਪਿੰਡ ਵਾਸੀਆਂ ਨੇ ਸਕੂਲ ਨੂੰ ਜਿੰਦਾ ਲਾਇਆ

ਜਲੂਰ ਦੇ ਸਰਕਾਰੀ ਹਾਈ ਸਕੂਲ ਨੂੰ ਜਿੰਦਾ ਲਾ ਕੇ ਧਰਨਾ ਦਿੰਦੇ ਹੋਏ ਪਿੰਡ ਵਾਸੀ।

ਪੱਤਰ ਪ੍ਰੇਰਕ
ਲਹਿਰਾਗਾਗਾ, 19 ਅਗਸਤ
ਨੇੜਲੇ ਪਿੰਡ ਜਲੂਰ ਦੇ ਸਰਕਾਰੀ ਹਾਈ ਸਕੂਲ ’ਚ ਅੰਗਰੇਜ਼ੀ ਦੀ ਇੱਕ ਅਧਿਆਪਕਾ ਦੀ ਬਦਲੀ ਅਤੇ ਸਕੂਲ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂਰ, ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ, ਗੁਰੂਦਵਾਰਾ ਕਮੇਟੀ ਦੇ ਖਜ਼ਾਨਚੀ ਭੀਮ ਸਿੰਘ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਕ੍ਰਿਸ਼ਨ ਸਿੰਘ, ਗੁਰਪ੍ਰੀਤ ਸਿੰਘ ਅਤੇ ਮਾਪਿਆਂ ਨੇ ਸਕੂਲ ਗੇਟ ਨੂੰ ਜਿੰਦਾ ਲਾ ਕੇ ਧਰਨਾ ਦਿੱਤਾ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਯੁਵਕ ਸੇਵਾਵਾਂ ਦੇ ਬੁਲਾਰੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਹਾਈ ਸਕੂਲ ’ਚ 150 ਤੋਂ ਵੱਧ ਪੜ੍ਹਦੇ ਹਨ ਅਤੇ ਸਕੂਲ ’ਚ ਮਨਜੂਰਸ਼ੁਦਾ 17 ਅਧਿਆਪਕਾਂ ਵਿੱਚੋਂ ਸਿਰਫ ਪੰਜ ਅਧਿਆਪਕ ਹੀ ਤਾਇਨਾਤ ਹਨ ਅਤੇ ਸਕੂਲ ਇੰਚਾਰਜ ਤੇ ਅੰਗਰੇਜ਼ੀ ਅਧਿਆਪਕ ਰਣਦੀਪ ਕੌਰ ਬਦਲੀ ਅਧੀਨ ਹੈ। ਇਸ ਧਰਨੇ ਨੂੰ ਦੇਖਦੇ ਹੋਏ ਅਧਿਆਪਕਾ ਰਣਦੀਪ ਕੌਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਰਿਲੀਵ ਨਹੀਂ ਹੋਣਗੇ ਜਿਸ ਮਗਰੋਂ ਪਿੰਡ ਵਾਸੀਆਂ ਨੇ ਧਰਨਾ ਖਤਮ ਕਰ ਦਿੱਤਾ। ਬੁਲਾਰੇ ਨੇ ਦੱਸਿਆ ਕਿ ਇਹ ਸਕੂਲ 20 ਕਿਲੋਮੀਟਰ ਤੋਂ ਵੱਧ ਦੂਰ ਸਰਕਾਰੀ ਹਾਈ ਸਕੂਲ ਛਾਜਲਾ ਅਧੀਨ ਹੈ। ਉਨ੍ਹਾਂ ਦੱਸਿਆ ਕਿ ਸਕੂਲ ’ਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਉਹ ਦੋ ਵਾਰ ਸਿੱਖਿਆ ਮੰਤਰੀ ਨੂੰ ਬਾਕਾਇਦਾ ਮਿਲ ਚੁੱਕੇ ਹਨ ਪਰ ਅਧਿਆਪਕ ਹੋਰ ਆਉਣ ਦੀ ਬਜਾਏ ਇੱਕ ਦੀ ਬਦਲੀ ਦੇ ਆਰਡਰ ਕਰ ਦਿੱਤੇ ਹਨ। ਸਕੂਲ ਨੂੰ ਜਿੰਦਾ ਲਾਉਣ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਸੁਭਾਸ਼ ਚੰਦ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਨ੍ਹਾਂ ਨੇ ਅੱਜ ਸਕੂਲ ਵਿੱਚ ਡੀਡੀਓ ਪਾਵਰ ਵਾਲੇ ਅਧਿਆਪਕ ਨੂੰ ਭੇਜਿਆ ਹੈ ਕਿ ਉਹ ਪਿੰਡ ਜਲੂਰ ਦੀ ਅੰਗਰੇਜ਼ੀ ਅਧਿਆਪਕ ਨੂੰ ਰਿਲੀਵ ਨਾ ਕਰਨ। ਉਨ੍ਹਾਂ ਕਿਹਾ ਕਿ ਹੋਰ ਅਧਿਆਪਕ ਵੀ ਛੇਤੀ ਭੇਜੇ ਜਾਣਗੇ।