ਅਧਿਆਪਕਾਂ ਦੀ ਘਾਟ ਖ਼ਿਲਾਫ਼ ਸਕੂਲ ਨੂੰ ਤਾਲਾ ਜੜਿਆ
ਸੁਭਾਸ਼ ਚੰਦਰ
ਸਮਾਣਾ, 29 ਜਨਵਰੀ
ਸਰਕਾਰੀ ਪ੍ਰਾਇਮਰੀ ਸਕੂਲ ਦੁੱਲੜ ਵਿੱਚ ਪਿੰਡ ਦੇ ਲੋਕਾਂ ਤੇ ਨੌਜਵਾਨ ਭਾਰਤ ਸਭਾ ਵੱਲੋਂ ਸਕੂਲ ’ਚ ਅਧਿਆਪਕਾਂ ਦੀ ਘਾਟ ਕਾਰਨ ਰੋਸ ਵਜੋਂ ਗੇਟ ਨੂੰ ਤਾਲਾ ਲਗਾ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਕੂਲ ਵਿੱਚ ਅਧਿਆਪਕਾਂ ਦੀ ਗਿਣਤੀ ਜਲਦੀ ਪੂਰਾ ਕੀਤੀ ਜਾਵੇ। ਸਕੂਲ ਦੇ ਗੇਟ ਨੂੰ ਤਾਲਾ ਲੱਗਿਆ ਹੋਣ ਕਾਰਨ ਬੱਚਿਆਂ ਨੂੰ ਸਕੂਲ ਦੇ ਬਾਹਰ ਬੈਠਣਾ ਪਿਆ। ਇਸ ਮੌਕੇ ਬੀਪੀਈਓ ਭਾਰਤ ਭੂਸ਼ਨ ਨੇ ਪ੍ਰਦਰਸ਼ਨਕਾਰੀਆਂ ਨੂੰ 15 ਫਰਵਰੀ ਤੱਕ ਅਧਿਆਪਕ ਨੂੰ ਡਿਊਟੀ ’ਤੇ ਭੇਜਣ ਦਾ ਭਰੋਸਾ ਦੇ ਕੇ ਸਕੂਲ ਦੇ ਗੇਟ ਦਾ ਤਾਲਾ ਖੁੱਲ੍ਹਵਾਇਆ। ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਦਵਿੰਦਰ ਛਬੀਲਪੁਰ ਤੇ ਪਿੰਡ ਵਾਸੀ ਕੁਲਦੀਪ ਸਿੰਘ ਆਦਿ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੁੱਲੜ ਵਿਚ ਕਰੀਬ 70 ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ ਪਰ ਉਨ੍ਹਾਂ ਨੂੰ ਪੜ੍ਹਾਉਣ ਲਈ ਸਿਰਫ਼ ਇੱਕ ਹੀ ਅਧਿਆਪਕ ਹੈ। ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਸੈਂਟੀ ਟੋਡਰਪੁਰ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬੀਰਪਾਲ ਦੁੱਲੜ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਵਿਚ ਕ੍ਰਾਂਤੀ ਲਿਆਉਣ ਦੇ ਦਾਅਵੇ ਕਰ ਰਹੀ ਹੈ ਜਦਕਿ ਜ਼ਮੀਨੀ ਪੱਧਰ ’ਤੇ ਅੱਜ ਵੀ ਸੂਬੇ ਦੇ ਬਹੁਤ ਸਾਰੇ ਸਕੂਲਾਂ ਵਿਚ ਅਧਿਆਪਕ ਦੀ ਘਾਟ ਹੈ।
ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮਿਥੀ ਤਰੀਕ ਤੱਕ ਸਕੂਲ ’ਚ ਅਧਿਆਪਕਾਂ ਪੂਰੀ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪ੍ਰਿਤਪਾਲ ਕਲਵਾਨੂੰ, ਲਵਪ੍ਰੀਤ ਦੁੱਲੜ, ਰਣਧੀਰ ਸਿੰਘ, ਜਤਿੰਦਰ ਸਿੰਘ, ਅਕਬਰ ਖਾਣ, ਕੁਲਬੀਰ ਸਿੰਘ, ਜਸਪਾਲ ਸਿੰਘ, ਵੀਰਭਾਨ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਗੁਰਪਿੰਦਰ ਸਿੰਘ, ਸੁਖਵਿੰਦਰ ਵਿਰਕ, ਰੋਜ਼ੀ ਖਾਣ, ਸ਼ੇਰਾ ਮਾਂਗਟ, ਗੁਰਵਿੰਦਰ ਸਿੰਘ, ਪੱਪੂ ਮਾਂਗਟ ਆਦਿ ਹਾਜ਼ਰ ਸਨ।