ਅਦੁੱਤੀ ਸ਼ਖ਼ਸੀਅਤ ਸਨ ਡਾਕਟਰ ਰਤਨ ਸਿੰਘ ਜੱਗੀ
ਡਾ. ਜਸਵਿੰਦਰ ਸਿੰਘ
ਸਾਡੇ ਸਭ ਦੇ ਹਰਮਨਪਿਆਰੇ ਅਤੇ ਸਤਿਕਾਰਤ ਡਾਕਟਰ ਰਤਨ ਸਿੰਘ ਜੱਗੀ ਸਾਡੇ ਵਿਚਕਾਰ ਨਹੀਂ ਰਹੇ। ਲਗਭਗ 98 ਵਰ੍ਹਿਆਂ (27-07-1927 ਤੋਂ 22-05-2025) ਦੀ ਭਰਪੂਰ, ਲੰਮੀ ਅਤੇ ਸਕਾਰਥ ਜ਼ਿੰਦਗੀ ਗੁਜ਼ਾਰ ਕੇ, ਉਹ ਸਾਥੋਂ ਵਿਛੜ ਗਏ ਹਨ। ਅਸੀਂ ਸਾਰੇ ਵੱਡੇ ਛੋਟੇ ਉਦਾਸ ਹਾਂ, ਅੱਡ ਅੱਡ ਤਰ੍ਹਾਂ। ਸਾਡੇ ਵੇਲਿਆਂ ਵਿੱਚ ਡਾਕਟਰ ਜੱਗੀ ਅਜਿਹੇ ਵਾਹਦ ਵਿਦਵਾਨ ਸਨ, ਜਿਨ੍ਹਾਂ ਨੇ ਸਿਰਫ਼ ਤੇ ਸਿਰਫ਼ ਸਾਹਿਤ ਚਿੰਤਨ ਨੂੰ ਹੀ ਆਪਣੀ ਜ਼ਿੰਦਗੀ ਦਾ ਇੱਕੋ ਇੱਕ ਮੂਲ ਮੰਤਵ ਬਣਾਈ ਰੱਖਿਆ। ਆਪਣੀ ਜ਼ਿੰਦਗੀ ਦਾ ਪਲ ਪਲ, ਹਰ ਸਾਹ ਉਨ੍ਹਾਂ ਨੇ ਪੰਜਾਬੀ ਖੋਜ ਅਤੇ ਚਿੰਤਨ ਦੇ ਲੇਖੇ ਲਾਇਆ। ਉਹ ਕਿਸੇ ਵੀ ਅਜਿਹੇ ਵਕਤੀ ਮੰਤਵ, ਸਵਾਰਥ, ਰੁਝੇਵੇਂ ਜਾਂ ਰੁਝਾਨ ਵੱਲ ਰੁਚਿਤ ਨਹੀਂ ਰਹੇ ,ਜੋ ਉਨ੍ਹਾਂ ਨੂੰ ਆਪਣੇ ਇਸ ਉੱਚ ਇਰਾਦੇ ਅਤੇ ਸੱਚੇ ਅਕੀਦੇ ਤੋਂ ਪਾਸੇ ਲੈ ਜਾਵੇ। ਇਹੀ ਸੁਰਤੀ ਬਿਰਤੀ ਉਨ੍ਹਾਂ ਦੇ ਸਾਹਿਤ ਚਿੰਤਨ ਦੀ ਧਰੋਹਰ ਬਣੀ। ਆਪਣੇ ਇਸ ਅਕੀਦੇ ਨੂੰ ਉਨ੍ਹਾਂ ਨੇ ਤਾਉਮਰ ਕਰੜੀ ਮਿਹਨਤ, ਮਿਸਾਲੀ ਲਗਨ ਅਤੇ ਸੁਹਿਰਦਤਾ ਨਾਲ ਅਪਣਾਈ ਰੱਖਿਆ।
ਪ੍ਰਾਚੀਨ ਦੁਰਲੱਭ ਸ੍ਰੋਤਾਂ ਤੱਕ ਰਸਾਈ, ਗਹਿਨ-ਗੰਭੀਰ ਅਧਿਐਨ ਡਾਕਟਰ ਰਤਨ ਸਿੰਘ ਜੱਗੀ ਦੇ ਚਿੰਤਨ ਦੇ ਅਹਿਮ ਪੱਖ ਹਨ। ਪੇਸ਼ੇ ਵਜੋਂ ਡਾ. ਜੱਗੀ ਇੱਕ ਅਨੁਸ਼ਾਸਨਬੱਧ ਅਧਿਆਪਕ ਅਤੇ ਖੋਜੀ ਵਿਦਵਾਨ ਸਨ। ਅਧਿਆਪਕ ਹੋਣ ਦੀ ਨੈਤਿਕ ਜ਼ਿੰਮੇਵਾਰੀ ਨੂੰ ਪੂਰੀ ਪ੍ਰਤੀਬੱਧਤਾ ਨਾਲ ਨਿਭਾਉਂਦਿਆਂ ਉਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਲਗਾਤਾਰ ਸਾਹਿਤ ਚਿੰਤਨ ਦੇ ਖੇਤਰ ਵਿੱਚ ਵੀ ਨਿੱਗਰ ਯੋਗਦਾਨ ਪਾਇਆ। ਉਹ ਮੱਧਕਾਲੀ ਪੰਜਾਬੀ ਸਾਹਿਤ ਅਤੇ ਭਾਰਤੀ ਸਾਹਿਤ ਚਿੰਤਨ ਦੇ ਉੱਚ ਕੋਟੀ ਦੇ ਵਿਦਵਾਨ ਸਨ। ਗੁਰਮਤਿ ਸਾਹਿਤ, ਸੂਫ਼ੀ ਸਾਹਿਤ, ਭਗਤੀ ਸਾਹਿਤ ਉਨ੍ਹਾਂ ਦੇ ਵਿਸ਼ੇਸ਼ ਖੇਤਰ ਸਨ। ਉਹ ਅੰਗਰੇਜ਼ੀ, ਉਰਦੂ, ਫ਼ਾਰਸੀ ਅਤੇ ਸੰਸਕ੍ਰਿਤ ਭਾਸ਼ਾ ਦੇ ਵੀ ਗੂੜ੍ਹ ਗਿਆਤਾ ਸਨ। ਇਸ ਮਕਸਦ ਲਈ ਉਨ੍ਹਾਂ ਇਮਤਿਹਾਨ ਪਾਸ ਕੀਤੇ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਉਨ੍ਹਾਂ ਨੇ ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ ਵਿਸ਼ੇ ਉੱਤੇ 1962 ਵਿੱਚ ਪੀਐੱਚ.ਡੀ. ਦੀ ਡਿਗਰੀ ਹਾਸਲ ਕੀਤੀ ਅਤੇ ਮਗਧ ਯੂਨੀਵਰਸਿਟੀ, ਬੋਧਗਯਾ ਤੋਂ ਸ੍ਰੀ ਗੁਰੂ ਨਾਨਕ: ਕਰਤਿਤਵ ਔਰ ਚਿੰਤਨ ਵਿਸ਼ੇ ਉੱਪਰ ਡੀ.ਲਿਟ. ਦੀ ਡਿਗਰੀ ਪ੍ਰਾਪਤ ਕੀਤੀ। ਇਸੇ ਸਦਕਾ ਉਨ੍ਹਾਂ ਦੀਆਂ ਲਿਖਤਾਂ ਵਿੱਚ ਪ੍ਰਮਾਣਿਕਤਾ, ਗਹਿਰਾਈ ਅਤੇ ਨਵੇਂ ਚਿੰਤਨ ਦੇ ਨਕਸ਼ ਡੂੰਘੇ ਹਨ।
ਡਾਕਟਰ ਜੱਗੀ ਨੇ ਛੇ ਦਹਾਕਿਆਂ ਤੋਂ ਵੱਧ ਸਮਾਂ ਨਿੱਠ ਕੇ ਖੋਜ ਕਾਰਜ ਕੀਤਾ। ਉਹ ਸਾਡੇ ਲਈ ਆਪਣੀਆਂ 139 ਮੁੱਲਵਾਨ ਪੁਸਤਕਾਂ ਦੀ ਵਿਰਾਸਤ ਛੱਡ ਗਏ ਹਨ। ਪੰਜਾਬੀ ਸਾਹਿਤ ਚਿੰਤਨ ਵਿੱਚ ਉਨ੍ਹਾਂ ਇਕੱਲਿਆਂ ਨੇ ਹੀ ਸੰਸਥਾਵਾਂ ਜਿੰਨਾ ਕੰਮ ਕੀਤਾ। ਪੰਜਾਬੀ ਅਤੇ ਹਿੰਦੀ ਦੋਵਾਂ ਭਾਸ਼ਾਵਾਂ ਵਿੱਚ ਮਿਆਰੀ ਲਿਖਤਾਂ ਲਿਖੀਆਂ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਸਾਹਿਤ ਆਲੋਚਨਾ, ਅਨੁਵਾਦ, ਸੰਪਾਦਨ ਅਤੇ ਸਭ ਤੋਂ ਮਾਣਯੋਗ ਵਿਸ਼ਵਕੋਸ਼ ਸ਼ਾਮਲ ਹਨ। ਚਿੰਤਨ ਦੇ ਪਹਿਲੇ ਪੜਾਅ ਉੱਪਰ ਉਨ੍ਹਾਂ ਨੇ ਮੁੱਖ ਤੌਰ ’ਤੇ ਸਾਹਿਤ ਆਲੋਚਨਾ ਦੀਆਂ ਪੁਸਤਕਾਂ ਲਿਖੀਆਂ। ਦੂਸਰੇ ਪੜਾਅ ਦਾ ਮੁੱਲਵਾਨ ਕਾਰਜ ਪੰਜਾਬੀ ਅਤੇ ਹਿੰਦੀ ਵਿੱਚ ਰਚੇ ਗੁਰੂ ਗ੍ਰੰਥ ਵਿਸ਼ਵਕੋਸ਼, ਸਿੱਖ ਪੰਥ ਵਿਸ਼ਵਕੋਸ਼, ਅਰਥਬੋਧ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੇ ਵਿਸ਼ਵਕੋਸ਼ ਹਨ। ਇਉਂ ਹੀ ਦਸਮ ਗ੍ਰੰਥ ਦਾ ਟੀਕਾ (ਪੰਜ ਜਿਲਦਾਂ), ਭਾਵ ਪ੍ਰਬੋਧਨੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ (ਅੱਠ ਜਿਲਦਾਂ), ਪੰਜਾਬੀ ਸਾਹਿਤ ਦਾ ਸ੍ਰੋਤਮੂਲਕ ਇਤਿਹਾਸ (ਪੰਜ ਜਿਲਦਾਂ) ਉਨ੍ਹਾਂ ਦੀਆਂ ਬਹੁਤ ਵਡਮੁੱਲੀਆਂ ਰਚਨਾਵਾਂ ਹਨ। ਡਾਕਟਰ ਜੱਗੀ ਨੇ ਸ੍ਰੀ ਰਾਮਚਰਿਤ ਮਾਨਸ ਦਾ ਪੰਜਾਬੀ ਵਿੱਚ ਅਨੁਵਾਦ ਤੁਲਸੀ ਰਾਮਾਇਣ ਸਿਰਲੇਖ ਅਧੀਨ ਕੀਤਾ, ਜਿਸ ਨੂੰ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤਾ। ਉਨ੍ਹਾਂ ਦੀਆਂ ਲਿਖਤਾਂ ਦਾ ਆਕਾਰ ਵੀ ਵੱਡਾ ਹੈ ਅਤੇ ਉਨ੍ਹਾਂ ਵਿੱਚ ਪੇਸ਼ ਸ੍ਰੋਤ ਸਮੱਗਰੀ, ਵਿਸ਼ਲੇਸ਼ਣ ਅਤੇ ਚਿੰਤਨ ਵੀ ਸੰਤੁਲਿਤ ਅਤੇ ਉੱਚਪਾਏ ਦਾ ਹੈ। ਉਨ੍ਹਾਂ ਦੀ ਸਾਹਿਤ ਪ੍ਰਤੀ ਜੀਵਨ ਦ੍ਰਿਸ਼ਟੀ ਦਾ ਆਧਾਰ ਨਾ ਸੰਕੀਰਨ ਹੈ, ਨਾ ਕੱਟੜ ਅਤੇ ਨਾ ਹੀ ਫਜ਼ੂਲ ਵਾਦੀ-ਵਿਵਾਦੀ। ਉਨ੍ਹਾਂ ਦੇ ਚਿੰਤਨ ਦੇ ਆਧਾਰ ਵਿੱਚ ਭਾਰਤ ਦੀ ਕਲਾਸਕੀ ਚਿੰਤਨ ਪਰੰਪਰਾ ਦੇ ਪ੍ਰਮਾਣਿਕ ਨਕਸ਼ ਹਾਜ਼ਰ ਹਨ। ਗੁਰਮਤਿ ਸਾਹਿਤ ਅਤੇ ਸਿੱਖ ਚਿੰਤਨ ਉੱਪਰ ਡੂੰਘੀ ਅਤੇ ਵਿਸ਼ਾਲ ਮੁਹਾਰਤ ਹੈ। ਸਾਹਿਤ ਅਤੇ ਧਾਰਮਿਕ ਲਿਖਤਾਂ ਪ੍ਰਤੀ ਦ੍ਰਿਸ਼ਟੀਕੋਣ ਉਦਾਰ ਮਾਨਵਵਾਦੀ ਹੈ। ਉਹ ਬਹੁਤ ਬਾਰੀਕੀ, ਗਹਿਰਾਈ ਅਤੇ ਤਰਕਸ਼ੀਲ ਢੰਗ ਨਾਲ ਸਾਰੇ ਆਧਾਰੀ ਸ੍ਰੋਤਾਂ ਨੂੰ ਪੇਸ਼ ਕਰਨ ਦੀ ਉਚੇਰੀ ਸਮਰੱਥਾ ਰੱਖਦੇ ਸਨ। ਇਸੇ ਕਰਕੇ ਹੀ ਉਨ੍ਹਾਂ ਦੀਆਂ ਲਿਖਤਾਂ ਦਾ ਵੱਡਾ ਮੁੱਲ ਮਹੱਤਵ ਹੈ ਅਤੇ ਬਣਿਆ ਰਹੇਗਾ।
ਡਾਕਟਰ ਰਤਨ ਸਿੰਘ ਜੱਗੀ ਦੀ ਇਸ ਕਰੜੀ ਮਿਹਨਤ ਤੇ ਲਗਨ ਦਾ ਇੱਕ ਸ਼ਕਤੀਸ਼ਾਲੀ ਸ੍ਰੋਤ ਉਨ੍ਹਾਂ ਦੀ ਪਤਨੀ ਡਾਕਟਰ ਗੁਰਸ਼ਰਨ ਕੌਰ ਜੱਗੀ ਹਨ, ਜੋ ਖ਼ੁਦ ਇੱਕ ਉੱਚਪਾਏ ਦੇ ਵਿਦਵਾਨ ਅਤੇ ਪ੍ਰਬੁੱਧ ਅਧਿਆਪਕ ਹਨ। ਉਹ ਸਰਕਾਰੀ ਕਾਲਜ ਲੜਕੀਆਂ, ਪਟਿਆਲਾ ਦੇ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਇਸੇ ਤਰ੍ਹਾਂ ਬੇਹੱਦ ਮਿਲਾਪੜਾ, ਨੇਕਨੀਅਤ ਅਤੇ ਮਿਹਨਤੀ ਪੁੱਤਰ ਮਾਲਵਿੰਦਰ ਸਿੰਘ ਜੱਗੀ, ਸੇਵਾਮੁਕਤ ਆਈ.ਏ.ਐੱਸ. ਹੈ। ਅਜੋਕੇ ਫੋਕੀ ਹਉਮੈ, ਅੰਨ੍ਹੇ ਸਵਾਰਥਾਂ ਦੇ ਵਾਵਰੋਲਿਆਂ ਵਿੱਚ ਉਲਝੇ ਜੀਆਂ ਪਰਿਵਾਰਾਂ ਦੇ ਬੇਚੈਨ ਸਮਿਆਂ ਵਿੱਚ ਡਾਕਟਰ ਜੱਗੀ ਤੇ ਉਨ੍ਹਾਂ ਦਾ ਪਰਿਵਾਰ ਆਪਣੇ ਸਰਲ ਸਾਦਾ ਜੀਵਨ, ਉੱਚੇ-ਸੁੱਚੇ ਅਕੀਦਿਆਂ ਅਤੇ ਮਿਹਨਤ ਲਗਨ ਦਾ ਇੱਕ ਖ਼ੂਬਸੂਰਤ ਨਮੂਨਾ ਹੈ। ਇਸ ਵਿੱਚ ਡਾ. ਜੱਗੀ ਹੋਰਾਂ ਦੀ ਜੀਵਨ ਸ਼ੈਲੀ ਤੇ ਦ੍ਰਿਸ਼ਟੀ ਦਾ ਬਹੁਤ ਅਹਿਮ ਰੋਲ ਹੈ, ਜਿਸ ਸਦਕਾ ਉਹ ਹਰ ਮੌਕੇ ਮੁਸੀਬਤ ਦੀ ਘੜੀ ਭੈੜੀਆਂ ਹਕੀਕਤਾਂ ਨਾਲ ਬਰ ਮੇਚ, ਉਸ ਨੂੰ ਝੱਲ, ਸਾਹਮਣਾ ਕਰ ਆਪਣੇ ਉੱਚੇ ਸੁੱਚੇ ਇਰਾਦਿਆਂ ਤੋਂ ਕਿਸੇ ਵੀ ਤਰ੍ਹਾਂ ਨਾ ਭਟਕੇ, ਨਾ ਰੁਕੇ। ਉਨ੍ਹਾਂ ਉੱਪਰ ਕਈ ਸਾਰੇ ਬੜੇ ਕਰੜੇ ਤੇ ਔਖੇ ਵਕਤ ਆਏ। ਸਿਦਕਦਿਲੀ ਅਤੇ ਸੂਝ ਨਾਲ ਇਨ੍ਹਾਂ ਨੂੰ ਝੱਲ ਉਹ ਸਾਬਤ ਕਦਮੀਂ ਅਗਲੇ ਸਫ਼ਰ ’ਤੇ ਤੁਰਦੇ ਰਹੇ। ਉਨ੍ਹਾਂ ਦੀ ਇਹ ਸਾਰੀ ਕਿਰਤ ਕਮਾਈ ਤੇ ਬੁਲੰਦੀ ਇਸੇ ਕਰਕੇ ਹੈ।
ਡਾਕਟਰ ਜੱਗੀ ਨੇ ਆਪਣੇ ਪਰਿਵਾਰਕ ਸਮਾਜਿਕ ਸਾਰੇ ਸਬੰਧਾਂ ਸਨੇਹਾਂ ਨੂੰ ਦਿਲ ਨਾਲ ਪਾਲਿਆ। ਵਕਤ ਬੇਵਕਤ ਖ਼ੁਦ ਰੌਂਅ ਉਹ ਆਪਣਿਆਂ ਦੇ ਨਾਲ ਆਣ ਖਲੋਂਦੇ। ਮੋਹਰੀ ਵਾਲੀ ਭੂਮਿਕਾ ਨਿਭਾਉਂਦੇ ਰਹੇ। ਡਾਕਟਰ ਸਾਹਿਬ ਦਾ ਵਿਦਿਆਰਥੀ ਹੋਣ ਨਾਤੇ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਮੋਹ ਪਿਆਰ ਦੀ ਬਾਤ ਬਿਨਾਂ ਗੱਲ ਅਧੂਰੀ ਲੱਗਦੀ ਹੈ। ਉਹ ਕਲਾਸ ਵਿੱਚ ਇਕਦਮ ਸਮੇਂ ਸਿਰ ਹਾਜ਼ਰ ਹੀ ਨਾ ਹੁੰਦੇ, ਪੂਰੇ ਨੇਮਬੱਧ ਵੀ ਹੁੰਦੇ। ਪੂਰਾ ਪੀਰੀਅਡ ਸਿਰਫ਼ ਪੜ੍ਹਾਉਂਦੇ। ਕੋਈ ਹੋਰ ਆਲਤੂ-ਫਾਲਤੂ ਗੱਲ ਨਹੀਂ। ਕਲਾਸ ਤੋਂ ਬਾਹਰ ਉਹ ਪੂਰੇ ਨਰਮ ਚਿੱਤ, ਹਮਦਰਦ ਤੇ ਮਦਦਗਾਰ ਹੁੰਦੇ। ਮੈਨੂੰ ਜੂਨ 1972 ਦੀ ਉਹ ਤਿੱਖੜ ਦੁਪਹਿਰ ਕਦੇ ਨਹੀਂ ਭੁੱਲਦੀ, ਜਦੋਂ ਚਾਰ ਬੱਸਾਂ ਬਦਲ ਮੈਂ ਪੰਜਾਬੀ ਵਿਭਾਗ ਪੁੱਜਾ। ਬੀ.ਏ. ਆਨਰਜ਼ ਸਕੂਲ ਇਨ ਪੰਜਾਬੀ ਵਿੱਚ ਦਾਖਲੇ ਲਈ ਫ਼ਾਰਮ ਭਰਿਆ ਅਤੇ ਡਾਕਟਰ ਸਾਹਿਬ ਦੇ ਵਿਦਿਆਰਥੀ ਅਤੇ ਮੇਰੇ ਅਧਿਆਪਕ ਪ੍ਰੋ. ਵੀਰ ਸਿੰਘ ਰੰਧਾਵਾ ਦੇ ਆਖੇ ਅਨੁਸਾਰ ਡਾਕਟਰ ਜੱਗੀ ਨੂੰ ਮਿਲਣ ਦਾ ਹੌਸਲਾ ਕੀਤਾ। ਵਿਭਾਗ ਦੇ ਕਲਰਕ ਤੋਂ ਡਾਕਟਰ ਸਾਹਿਬ ਬਾਰੇ ਪੁੱਛਣ ’ਤੇ ਪਤਾ ਲੱਗਾ ਕਿ ਉਹ ਘਰ ਚਲੇ ਗਏ ਹਨ। ਉਸ ਨੇ ਪੁੱਛਣ ’ਤੇ ਘਰ ਦਾ ਨੰਬਰ ਸੀ ਪੈਂਤੀ ਦੱਸਿਆ। ਪੌਣੇ ਕੁ ਦੋ ਵਜੇ ਸਨ, ਜਕੋਤੱਕੀ ’ਚ ਮੈਂ ਉਨ੍ਹਾਂ ਦੇ ਘਰ ਨੂੰ ਤੁਰ ਪਿਆ। ਜਾ ਬੈੱਲ ਕੀਤੀ। ਸ੍ਰੀਮਤੀ ਜੱਗੀ ਆਏ। ਡਾਕਟਰ ਸਾਹਿਬ ਤੋਂ ਪੁੱਛ ਕੇ ਵਾਪਸ ਆਏ। ਮੈਂ ਮਗਰ ਮਗਰ ਡਰਾਇੰਗ ਕਮ ਡਾਈਨਿੰਗ ਕਮਰੇ ਵਿੱਚ ਜਾ, ਸਿਰ ਨਿਵਾ ਸਤਿ ਸ੍ਰੀ ਆਕਾਲ ਬੁਲਾਈ। ਉਹ ਖਾਣਾ ਖਾ ਰਹੇ ਸਨ। ਉਨ੍ਹਾਂ ਸਿੱਧਾ ਪੁੱਛਿਆ, ‘‘ਖਾਣਾ ਖਾਧਾ?’’ ਮੈਂ ਕਸੂਤਾ ਫਸ ਗਿਆ। ਕਹਾਂ ਤਾਂ ਕੀ? ਝੂਠ ਬੋਲਾਂ? ‘‘ਆ ਬੈਠ,’’ ਉਨ੍ਹਾਂ ਸਾਹਮਣੇ ਪਈ ਕੁਰਸੀ ਵੱਲ ਇਸ਼ਾਰਾ ਕੀਤਾ। ਨਾਲੇ ਪਤਨੀ ਨੂੰ ਆਖਿਆ, ‘‘ਖਾਣਾ ਲਿਆਉ।’’ ਗੱਲਾਂਬਾਤਾਂ ਕਰ, ਖਾਣਾ ਮੁਕਾ ਉੱਠਣ ਲੱਗੇ ਨੂੰ ਕਿਹਾ, ‘‘ਤੇਰਾ ਦਾਖ਼ਲਾ ਹੋ ਜਾਣਾ, ਚਿੱਠੀ ਆਊ, ਤੂੰ ਸਮਾਨ ਬਿਸਤਰਾ ਲੈਂਦਾ ਆਵੀਂ।’’ ਮੈਂ ਜਿਸ ਦਾ ਸਾਰੀ ਯੂਨੀਵਰਸਿਟੀ ਵਿੱਚ ਕੋਈ ਵਾਕਫ਼ ਨਹੀਂ ਸੀ... ਮਿੰਟਾਂ ਸਕਿੰਟਾਂ ਵਿੱਚ ਵੱਡੀ ਸਰਪ੍ਰਸਤੀ ਹੇਠ ਆ ਗਿਆ ਸਾਂ। ਉਹ ਮੇਰੇ ਵਰਗੇ ਸੈਂਕੜਿਆਂ ਦੇ ਸਨ। ਡਾ. ਸਤਿੰਦਰ ਸਿੰਘ, ਡਾ. ਰਵਿੰਦਰ ਸਿੰਘ ਰਵੀ ਅਤੇ ਹੋਰ ਬਹੁਤ ਸਾਰੇ... ਉਨ੍ਹਾਂ ਦੇ ਵਰੋਸਾਏ ਵਿਦਿਆਰਥੀਆਂ ਦੀ ਸੂਚੀ ਲੰਮੀ ਹੈ।
ਅਨਮੋਲ ਜ਼ਿੰਦਗੀ ਦਾ ਇੱਕ ਵੀ ਪਲ ਫਜ਼ੂਲ ਗੁਆਏ ਬਿਨਾਂ ਉਹ ਚੁੱਪਚਾਪ ਆਪਣੇ ਇੱਕੋ ਇੱਕ ਮਿਸ਼ਨ ਪੜ੍ਹਨ ਲਿਖਣ ਵਿੱਚ ਮਸਰੂਫ਼ ਰਹਿੰਦੇ। ਇਹੀ ਉਨ੍ਹਾਂ ਦਾ ਪੱਕਾ ਨਿੱਤਨੇਮ ਸੀ। ਕੀਮਤੀ ਸਮਾਂ ਬਰਬਾਦ ਨਾ ਕਰਨ ਅਤੇ ਇੱਕੋ ਲਗਨ ਲੱਗੀ ਲਈ ਜਾਂਦੀ ਦੇ ਮੰਤਰ ਦੀ ਥਾਹ ਪਾਉਣੀ ਹੋਵੇ ਤਾਂ ਡਾ. ਜੱਗੀ ਦੀ ਜ਼ਿੰਦਗੀ ਬਹੁਤ ਕਮਾਲ ਦੀ ਮਿਸਾਲ ਹੈ। ਉਨ੍ਹਾਂ ਨੂੰ ਹੋਰਾਂ ਤੋਂ ਨਹੀਂ, ਆਪਣੇ ਆਪ ਤੋਂ ਹੀ ਵੱਡੀ, ਹੋਰ ਵੱਡੀ ਤਵੱਕੋ ਰਹੀ। ਇਸੇ ਸਦਕਾ ਹੀ ਉਹ ਨਿੱਠ ਕੇ ਇੰਨਾ ਉੱਚਪਾਏ ਦਾ, ਇੰਨਾ ਵਸੀਹ ਪੈਮਾਨੇ ਦਾ ਖੋਜ ਤੇ ਚਿੰਤਨ ਕਾਰਜ ਕਰ ਸਕੇ। ਇਸੇ ਸਦਕਾ ਮਾਣ ਸਨਮਾਨ ਉਨ੍ਹਾਂ ਪਾਸ ਚੱਲ ਕੇ ਆਏ।ਉਨ੍ਹਾਂ ਨੇ ਇਨ੍ਹਾਂ ਵਾਸਤੇ ਆਪਣਾ ਬੇਸ਼ਕੀਮਤੀ ਵਕਤ, ਆਪਣੀ ਸਿਰਜਣਾਤਮਕ ਊਰਜਾ, ਆਪਣੇ ਮਨ ਦਾ ਸਕੂਨ ਤੇ ਆਪਣੀ ਨਿਆਰੀ ਵਿਦਵਤਾ ਨੂੰ ਬਰਬਾਦ ਨਹੀਂ ਕੀਤਾ।
ਡਾਕਟਰ ਜੱਗੀ ਨੂੰ ਭਾਰਤ ਸਰਕਾਰ ਨੇ 2023 ਵਿੱਚ ਵੱਕਾਰੀ ਸਨਮਾਨ ਪਦਮ ਸ੍ਰੀ ਦੇ ਕੇ, ਨਾ ਸਿਰਫ਼ ਉਨ੍ਹਾਂ ਦੇ ਵੱਡੇ ਯੋਗਦਾਨ ਨੂੰ ਪ੍ਰਵਾਨ ਕੀਤਾ, ਸਗੋਂ ਪੰਜਾਬੀ ਸਾਹਿਤ ਚਿੰਤਨ ਨੂੰ ਵੀ ਮਾਣ ਬਖ਼ਸ਼ਿਆ। ਭਾਸ਼ਾ ਵਿਭਾਗ ਪੰਜਾਬ ਵੱਲੋਂ ਉਨ੍ਹਾਂ ਨੂੰ ਅੱਠ ਪੁਸਤਕਾਂ ਉੱਪਰ ਸਰਵੋਤਮ ਸਾਹਿਤਕ ਪੁਰਸਕਾਰ ਪ੍ਰਾਪਤ ਹੋਏ। 1989 ਵਿੱਚ ਸਾਹਿਤ ਅਕਾਦਮੀ ਦਿੱਲੀ ਨੇ ਉਨ੍ਹਾਂ ਨੂੰ ਰਾਸ਼ਟਰੀ ਅਨੁਵਾਦ ਪੁਰਸਕਾਰ ਨਾਲ ਨਿਵਾਜਿਆ। 1996 ਵਿੱਚ ਪੰਜਾਬ ਦੇ ਭਾਸ਼ਾ ਵਿਭਾਗ ਨੇ ਉਨ੍ਹਾਂ ਨੂੰ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਦਿੱਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 2014 ਵਿੱਚ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 2015 ਵਿੱਚ ਉਨ੍ਹਾਂ ਨੂੰ ਆਨਰੇਰੀ ਡੀ.ਲਿਟ. ਦੀ ਉਪਾਧੀ ਨਾਲ ਸਨਮਾਨਿਤ ਕੀਤਾ। 2008 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੇ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸ. ਕਰਤਾਰ ਸਿੰਘ ਧਾਲੀਵਾਲ ਸਾਹਿਤ ਪੁਰਸਕਾਰ, ਪੰਜਾਬੀ ਅਕਾਦਮੀ ਦਿੱਲੀ ਵੱਲੋਂ ਪਰਮ ਸਾਹਿਤ ਸਤਕਾਰ ਸਨਮਾਨ, ਉੱਤਰ ਪ੍ਰਦੇਸ਼ ਸਰਕਾਰ ਵਲੋਂ ਸੌਹਾਰਦ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।
ਡਾਕਟਰ ਸਾਹਿਬ ਆਖ਼ਰੀ ਵਕਤ ਤੀਕ ਆਪਣੇ ਚਿੰਤਨ ਵਿੱਚ ਮਸਰੂਫ਼ ਰਹੇ। ਅਚਾਨਕ ਕੁਝ ਅਜਿਹੇ ਸਿਹਤ ਦੇ ਮਾਮਲੇ ਪੈਦਾ ਹੋਏ, ਉਹ ਜਿਸਮਾਨੀ ਤੌਰ ’ਤੇ ਇਕਦਮ ਸਾਥੋਂ ਹਮੇਸ਼ਾ ਲਈ ਵਿਛੜ ਗਏ। ਉਹ ਆਪਣੀ ਉੱਚਪਾਏ ਦੀ ਸਾਹਿਤਕ ਖੋਜ ਅਤੇ ਗੰਭੀਰ ਚਿੰਤਨ ਦੇ ਗੌਰਵਮਈ ਕਾਰਜ ਸਦਕਾ ਸਾਡੇ ਮਨਾਂ ਵਿੱਚ ਹਮੇਸ਼ਾ ਵਸਦੇ ਰਹਿਣਗੇ। ਪੰਜਾਬੀ ਦੇ ਖੋਜਾਰਥੀ ਵਿਦਿਆਰਥੀ ਅਤੇ ਪ੍ਰਬੁੱਧ ਪਾਠਕ ਉਨ੍ਹਾਂ ਦੇ ਮੁੱਲਵਾਨ ਚਿੰਤਨ ਤੋਂ ਲਾਭ ਉਠਾਉਂਦੇ ਰਹਿਣਗੇ। ਇਹ ਅਮੁੱਲ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਭਰਪੂਰ ਖ਼ਜ਼ਾਨਾ ਬਣੀ ਰਹੇਗੀ ਅਤੇ ਇਸੇ ਸਦਕਾ ਡਾਕਟਰ ਰਤਨ ਸਿੰਘ ਜੱਗੀ ਹਮੇਸ਼ਾ ਸਾਡੇ ਸਾਥ ਰਹਿਣਗੇ। ਪ੍ਰਣਾਮ ਗੁਰੂਦੇਵ!
ਸੰਪਰਕ: 98728-60245