ਅਦਾਕਾਰਾ ਵਿੱਦਿਆ ਬਾਲਨ ਨੇ ਪ੍ਰਸ਼ੰਸਕਾਂ ਨੂੰ ਏਆਈ ਤੋਂ ਸੁਚੇਤ ਕੀਤਾ
ਮੁੰਬਈ: ਬੌਲੀਵੁੱਡ ਅਦਾਕਾਰਾ ਵਿੱਦਿਆ ਬਾਲਨ ਹਾਲ ਹੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦਾ ਸ਼ਿਕਾਰ ਹੋਈ ਹੈ। ‘ਭੂਲ ਭੁਲੱਈਆ 3’ ਦੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਇੱਕ ਪੋਸਟ ਪਾਈ ਹੈ। ਇਸ ਵਿੱਚ ਉਸ ਨੇ ਇੱਕ ਵੀਡੀਓ ਅਪਲੋਡ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਸ ਨੇ ਕੈਪਸ਼ਨ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਇਸ ਵੀਡੀਓ ਨੂੰ ਬਣਾਉਣ ਜਾਂ ਵਾਇਰਲ ਕਰਨ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ ਹੈ। ਉਸ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਸੇ ਵੀ ਚੀਜ਼ ’ਤੇ ਸੌਖਿਆਂ ਯਕੀਨ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਜ ਡੀਪ ਫੇਕ ਦੀ ਵਰਤੋਂ ਨਾਲ ਕਿਸੇ ਵੀ ਤਰ੍ਹਾਂ ਦਾ ਵੀਡੀਓ ਤਿਆਰ ਕੀਤਾ ਜਾ ਸਕਦਾ ਹੈ। ਉਸ ਨੇ ਇੱਕ ਲੰਬੀ ਪੋਸਟ ਲਿਖੀ ਹੈ। ਉਸ ਨੇ ਪ੍ਰਸ਼ੰਸਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਉਸ ਨੇ ਕਿਹਾ ਕਿ ਕਿਸੇ ਚੀਜ਼ ’ਤੇ ਯਕੀਨ ਕਰਨ ਤੋਂ ਪਹਿਲਾਂ ਉਸ ਬਾਰੇ ਅਸਲ ਜਾਂ ਫ਼ਰਜ਼ੀ ਹੋਣ ਬਾਰੇ ਸਪਸ਼ਟ ਕਰ ਲੈਣਾ ਚਾਹੀਦਾ ਹੈ। ਵਿੱਦਿਆ ਨੇ ਕਿਹਾ ਕਿ ਅਜਿਹੇ ਕਈ ਵੀਡੀਓਜ਼ ਹਨ ਜੋ ਸੋਸ਼ਲ ਮੀਡੀਆ ਅਤੇ ਵਟਸਐਪ ’ਤੇ ਵਾਇਰਲ ਹੋ ਰਹੇ ਹਨ ਜਿਨ੍ਹਾਂ ਵਿੱਚ ਉਸ (ਵਿੱਦਿਆ) ਨੂੰ ਦਿਖਾਇਆ ਗਿਆ ਹੈ। ਉਸ ਨੇ ਕਿਹਾ ਕਿ ਇਹ ਸਾਰੇ ਵੀਡੀਓਜ਼ ਬਣਾਉਣ ਤੇ ਵਾਇਰਲ ਕਰਨ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ ਹੈ। ਇਹ ਸਭ ਕੁਝ ਏਆਈ ਨਾਲ ਤਿਆਰ ਕੀਤਾ ਗਿਆ ਹੈ। ਉਸ ਨੇ ਇਹ ਵੀ ਅਪੀਲ ਕੀਤੀ ਕਿ ਸੋਸ਼ਲ ਮੀਡੀਆ ’ਤੇ ਕੋਈ ਸਮੱਗਰੀ ਸਾਂਝੀ ਕਰਨ ਤੋਂ ਪਹਿਲਾਂ ਉਸ ਦੀ ਪੁਸ਼ਟੀ ਕਰਨੀ ਚਾਹੀਦੀ ਹੈ। -ਆਈਏਐੱਨਐੱਸ