For the best experience, open
https://m.punjabitribuneonline.com
on your mobile browser.
Advertisement

ਅਤਿਵਾਦੀਆਂ ਖ਼ਿਲਾਫ਼ ਫੌ਼ਜੀ ਕਾਰਵਾਈ ਤੋਂ ਗੁਰੇਜ਼ ਨਹੀਂ ਕਰੇਗਾ ਭਾਰਤ: ਕਟਾਰੀਆ

05:28 AM Jun 10, 2025 IST
ਅਤਿਵਾਦੀਆਂ ਖ਼ਿਲਾਫ਼ ਫੌ਼ਜੀ ਕਾਰਵਾਈ ਤੋਂ ਗੁਰੇਜ਼ ਨਹੀਂ ਕਰੇਗਾ ਭਾਰਤ  ਕਟਾਰੀਆ
ਫਗਵਾੜਾ ਵਿੱਚ ਅਪਰੇਸ਼ਨ ਸਿੰਧੂਰ ਵਿਜੈ ਯਾਤਰਾ ਦਾ ਆਗਾਜ਼ ਕਰਨ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਹੋਰ। -ਫੋਟੋ: ਮਲਕੀਅਤ ਸਿੰਘ
Advertisement

ਜਸਬੀਰ ਸਿੰਘ ਚਾਨਾ
ਫਗਵਾੜਾ, 9 ਜੂਨ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਅਪਰੇਸ਼ਨ ਸਿੰਧੂਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਪਹਿਲਗਾਮ ਦੀ ਕਾਇਰਾਨਾ ਹਰਕਤ ਤੋਂ ਬਾਅਦ ਜਿਸ ਤਰ੍ਹਾਂ ਭਾਰਤੀ ਫੌਜ ਨੇ ਮੂੰਹ ਤੋੜ ਜਵਾਬ ਦਿੱਤਾ, ਉਹ ਦੇਸ਼ ਦੇ ਇਤਿਹਾਸ ’ਚ ਲਾਸਾਨੀ ਹੈ। ਇੱਥੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ‘ਅਪਰੇਸ਼ਨ ਸਿੰਧੂਰ ਵਿਜੈ ਯਾਤਰਾ’ ਦਾ ਆਗਾਜ਼ ਕਰਦਿਆਂ ਰਾਜਪਾਲ ਨੇ ਕਿਹਾ ਕਿ ਭਾਰਤੀ ਫੌਜ ਵੱਲੋਂ ਅਤਿਵਾਦੀ ਟਿਕਾਣਿਆਂ ’ਤੇ ਕੀਤੀ ਗਈ ਕਾਰਵਾਈ ਨੇ ਵਿਸ਼ਵ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਦੇਸ਼ ਦੇ ਕਿਸੇ ਨਾਗਰਿਕ ਨੂੰ ਜੇ ਅਤਿਵਾਦ ਦਾ ਨਿਸ਼ਾਨਾ ਬਣਾਇਆ ਜਾਵੇਗਾ ਤਾਂ ਭਾਰਤ ਸਖ਼ਤ ਤੋਂ ਸਖ਼ਤ ਫੌਜੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਮਹਾਨ ਗੁਰੂਆਂ ਤੇ ਸ਼ਹੀਦਾਂ ਦੀ ਧਰਤੀ ਹੈ ਤੇ ਇਸ ਅਪਰੇਸ਼ਨ ਦੌਰਾਨ ਸੂਬੇ ਦਾ ਹਰ ਨਾਗਰਿਕ ਭਾਰਤੀ ਫੌਜ ਨਾਲ ਖੜ੍ਹਾ ਰਿਹਾ, ਜਿਸ ਨਾਲ ਫ਼ੌਜ ਦਾ ਮਨੋਬਲ ਵੀ ਉੱਚਾ ਹੋਇਆ। ਉਨ੍ਹਾਂ ਕਿਹਾ,‘ਸਾਡੇ ਜਵਾਨ ਜਿਥੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਡਟੇ ਹੋਏ ਹਨ ਉਥੇ ਸਾਡਾ ਵੀ ਫਰਜ਼ ਬਣਦਾ ਹੈ ਕਿ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਇਸ ਬੁਰਾਈ ਖ਼ਿਲਾਫ਼ ਵਿੱਢੀ ਲੜਾਈ ਵਿੱਚ ਯੋਗਦਾਨ ਪਾਈਏ।’ ਉਨ੍ਹਾਂ ਕਿਹਾ ਕਿ ਹਰ ਪੰਜਾਬੀ ਨਸ਼ਿਆਂ ਖ਼ਿਲਾਫ਼ ਜੰਗ ਦਾ ਸਿਪਾਹੀ ਬਣੇ ਤਾਂ ਜੋ ਇਸ ਬੁਰਾਈ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਬਹੁਤ ਸਰਗਰਮੀ ਨਾਲ ਕੰਮ ਕਰ ਰਹੀ ਹੈ ਪਰ ਨਸ਼ੇ ਖ਼ਿਲਾਫ਼ ਜੰਗ ਨੂੰ ਸਿਰਫ਼ ਸਰਕਾਰਾਂ ਦੀਆਂ ਕੋਸ਼ਿਸ਼ਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ ਸਗੋਂ ਸਮਾਜ ਦੇ ਹਰੇਕ ਵਰਗ ਨੂੰ ਅੱਗੇ ਆਉਂਦਿਆਂ ਇਸ ਲੜਾਈ ਨੂੰ ਜਨ ਅੰਦੋਲਨ ਬਣਾਉਣ ’ਚ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਨਸ਼ਾ ਮੁਕਤ ਭਵਿੱਖ ਸਿਰਜਣ ਲਈ ਸਭ ਨੂੰ ਨਸ਼ਿਆਂ ਖ਼ਿਲਾਫ਼ ਲਹਿਰ ਦਾ ਹਿੱਸਾ ਬਣਨਾ ਚਾਹੀਦਾ ਹੈ। ਉਨ੍ਹਾਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਵਿਦਿਆਰਥੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਇਸ ਮੌਕੇ ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ, ਪ੍ਰਮੁੱਖ ਸਕੱਤਰ ਟੂ ਗਵਰਨਰ ਵਿਵੇਕ ਪ੍ਰਤਾਪ ਸਿੰਘ, ਆਈਏਐੱਸ ਅਧਿਕਾਰੀ ਲਲਿਤ ਜੈਨ, ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਦੇ ਚੇਅਰਮੈਨ ਡਾ. ਪੰਕਜ ਅਰੋੜਾ, ਪ੍ਰੋ. ਚਾਂਸਲਰ ਡਾ. ਰਸ਼ਮੀ ਮਿੱਤਲ, ਵਾਈਸ ਚਾਂਸਲਰ ਐੱਲਪੀਯੂ. ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਮੌਜੂਦ ਸੀ।

Advertisement

Advertisement
Advertisement
Advertisement
Author Image

Gopal Chand

View all posts

Advertisement