ਅਣਗੌਲਿਆ ਦੇਸ਼ ਭਗਤ ਗਿਆਨੀ ਗੁਰਦਿੱਤ ਸਿੰਘ ‘ਦਲੇਰ’
ਗੁਰਦੇਵ ਸਿੰਘ ਸਿੱਧੂ
‘‘ਫਾਂਸੀ ਦੀ ਸਜ਼ਾ ਪ੍ਰਾਪਤ ਬੰਦੀ ਗੁਰਦਿੱਤ ਸਿੰਘ ਪੁੱਤਰ ਮੰਗਲ ਸਿੰਘ ਇਕ ਅਖੌਤੀ ਆਤੰਕੀ ਪਾਰਟੀ ਨਾਲ ਸਬੰਧ ਰੱਖਦਾ ਹੈ। ਉਸ ਵੱਲੋਂ ਕੀਤੇ ਗਏ ਕਤਲ ਵਿਚ ਉਸ ਨੂੰ ਉਸ ਦੀ ਪਾਰਟੀ ਦਾ ਥਾਪੜਾ ਸੀ ਅਤੇ ਜੇਲ੍ਹ ਤੋਂ ਬਾਹਰ ਲੋਕ ਵੀ ਉਸ ਨਾਲ ਅਤੇ ਉਸ ਦੇ ਕਾਜ ਨਾਲ ਹਮਦਰਦੀ ਰੱਖਦੇ ਹਨ। ਦੋਆਬਾ ਆਪਣੀਆਂ ਰਾਜਸੀ ਸਰਗਰਮੀਆਂ ਲਈ ਪ੍ਰਸਿੱਧ ਹੈ ਅਤੇ ਕਿਉਂ ਜੋ ਗੁਰਦਿੱਤ ਸਿੰਘ ਇਕ ਪ੍ਰਚਾਰਕ, ਇਕ ਅਖ਼ਬਾਰ ਦਾ ਐਡੀਟਰ ਅਤੇ ਇਕ ਰਾਜਸੀ ਵਰਕਰ ਸੀ, ਇਸ ਲਈ ਚੋਖੀ ਗਿਣਤੀ ਵਿਚ ਉਸ ਦੇ ਹਮਦਰਦ ਉਸ ਨੂੰ ਮਿਲਣ ਲਈ ਜੇਲ੍ਹ ਦੇ ਦਰਵਾਜ਼ੇ ਨੂੰ ਘੇਰੀ ਰੱਖਦੇ ਹਨ। ਦੋ ਹੋਰ ਕੈਦੀ, ਜਿਨ੍ਹਾਂ ਗੁਰਦਿੱਤ ਸਿੰਘ ਦੇ ਹੱਕ ਵਿਚ ਝੂਠੀ ਗਵਾਹੀ ਦਿੱਤੀ ਸੀ, ਵੀ ਇਸੇ ਜੇਲ੍ਹ ਵਿਚ ਸਜ਼ਾ ਭੁਗਤ ਰਹੇ ਹਨ। ਸੋ ਉਸ ਦੇ ਮਾਮਲੇ ਨੇ ਜੇਲ੍ਹ ਵਿਚ ਵੀ ਉਸ ਲਈ ਹਮਦਰਦੀ ਪੈਦਾ ਕਰ ਦਿੱਤੀ ਹੈ। ਇਸ ਲਈ ਇਸ ਗੱਲ ਦਾ ਡਰ ਹੈ ਕਿ ਜੇ ਉਸ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਤਾਂ ਕਿਤੇ ਬਾਕੀ ਕੈਦੀ, ਜੋ ਮੁੱਖ ਤੌਰ ’ਤੇ ਸਿੱਖ ਹਨ, ਉਸ ਦੀ ਹਮਦਰਦੀ ਵਿਚ ਇਸੇ ਰਾਹ ਨਾ ਤੁਰ ਪੈਣ।’’ ਜ਼ਿਲ੍ਹਾ ਜੇਲ੍ਹ ਜਲੰਧਰ ਦੇ ਸੁਪਰਡੈਂਟ ਨੇ ਇੰਸਪੈਕਟਰ ਜਨਰਲ ਜੇਲ੍ਹਾਂ, ਪੰਜਾਬ ਨੂੰ ਭੇਜੇ ਪੱਤਰ ਨੰ: 2583 ਵਿੱਚ ਇਹ ਖਦਸ਼ਾ ਜਤਾਇਆ ਸੀ। ਗਿਆਨੀ ਗੁਰਦਿੱਤ ਸਿੰਘ ‘ਦਲੇਰ’ ਮੁਕੱਦਮੇ ਦੀ ਕਾਰਵਾਈ ਦੌਰਾਨ ਜ਼ਿਲ੍ਹਾ ਜੇਲ੍ਹ ਜਲੰਧਰ ਵਿੱਚ ਬੰਦ ਸੀ। ਇਹ ਪੱਤਰ ਗਿਆਨੀ ਗੁਰਦਿੱਤ ਸਿੰਘ ‘ਦਲੇਰ’ ਨੂੰ 15 ਜੁਲਾਈ 1938 ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਅਗਲੇ ਦਿਨ ਲਿਖਿਆ ਗਿਆ ਸੀ। ਇਹ ਭੂਮਿਕਾ ਬੰਨ੍ਹਣ ਪਿੱਛੋਂ ਜੇਲ੍ਹ ਸੁਪਰਡੈਂਟ ਨੇ ਸਿਫਾਰਸ਼ ਕੀਤੀ, ‘ਇਸ ਸੰਭਾਵੀ ਮੁਸ਼ਕਲ, ਜਿਹੜੀ ਗੁਰਦਿੱਤ ਸਿੰਘ ਨੂੰ ਇਸ ਜੇਲ੍ਹ ਵਿਚ ਰੱਖਣ ਨਾਲ ਪੈਦਾ ਹੋ ਸਕਦੀ ਹੈ, ਤੋਂ ਬਚਣ ਲਈ ਮੇਰੀ ਰਾਇ ਹੈ ਕਿ ਉਸ ਨੂੰ ਤੁਰੰਤ ਕਿਸੇ ਐਸੀ ਜੇਲ੍ਹ ਵਿਚ ਭੇਜ ਦਿੱਤਾ ਜਾਵੇ, ਜਿੱਥੇ ਸਿੱਖ ਕੈਦੀਆਂ ਦੀ ਗਿਣਤੀ ਬਹੁਤ ਘੱਟ ਜਾਂ ਬਿਲਕੁਲ ਨਾ ਹੋਵੇ।’ ਸਰਕਾਰ ਨੇ ਇਸ ਸਿਫਾਰਸ਼ ਨੂੰ ਪ੍ਰਵਾਨ ਕਰਦਿਆਂ ਗੁਰਦਿੱਤ ਸਿੰਘ ਨੂੰ ਮੁਲਤਾਨ ਜੇਲ੍ਹ ਵਿਚ ਭੇਜ ਦਿੱਤਾ।
ਜ਼ਿਲ੍ਹਾ ਜਲੰਧਰ ਦਾ ਵਾਸੀ ਹੋਣ ਕਰਕੇ ਜੇਲ੍ਹ ਨਿਯਮਾਂ ਅਨੁਸਾਰ ਅਦਾਲਤੀ ਹੁਕਮ ਉੱਤੇ ਅਮਲ ਜ਼ਿਲ੍ਹਾ ਜੇਲ੍ਹ ਜਲੰਧਰ ਵਿਚ ਕੀਤਾ ਜਾਣਾ ਸੀ ਪਰ ਜਲੰਧਰ ਜ਼ਿਲ੍ਹੇ ਦੇ ਸੁਪਰਡੈਂਟ ਪੁਲੀਸ ਨੇ 12 ਅਗਸਤ 1938 ਨੂੰ ਪੱਤਰ ਲਿਖ ਕੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਜਦੋਂ ਵੀ ਗੁਰਦਿੱਤ ਸਿੰਘ ਨੂੰ ਫਾਂਸੀ ਲਾਉਣ ਦਾ ਮੌਕਾ ਆਵੇ, ਉਸ ਨੂੰ ਮੁਲਤਾਨ ਜੇਲ੍ਹ ਵਿਚ ਫਾਂਸੀ ਲਾ ਕੇ ਉੱਥੇ ਹੀ ਉਸ ਦਾ ਸਸਕਾਰ ਕੀਤਾ ਜਾਵੇ ਅਤੇ ਜਲੰਧਰ ਨਾ ਭੇਜਿਆ ਜਾਵੇ।
ਗੁਰਦਿੱਤ ਸਿੰਘ ਦਾ ਜਨਮ 2 ਜੁਲਾਈ 1899 ਈਸਵੀ ਨੂੰ ਪਿਤਾ ਮੰਗਲ ਸਿੰਘ ਅਤੇ ਮਾਤਾ ਰਲੀ ਦੇ ਘਰ ਪਿੰਡ ਮੰਢਾਲੀ, ਜ਼ਿਲ੍ਹਾ ਜਲੰਧਰ ਵਿਚ ਹੋਇਆ। ਉਹ ਫਗਵਾੜੇ ਦੇ ਸਕੂਲ ਵਿਚ ਮਿਡਲ ਦੀ ਪੜ੍ਹਾਈ ਕਰ ਰਿਹਾ ਸੀ ਜਦ ਉਸ ਨੇ ਅਮਰੀਕਾ, ਕੈਨੇਡਾ ਅਤੇ ਹੋਰ ਪੂਰਬੀ ਟਾਪੂਆਂ ਤੋਂ ਪੰਜਾਬ ਆਏ ਗਦਰੀਆਂ ਦੀ ਦੇਸ਼ ਭਗਤੀ, ਕੁਰਬਾਨੀ ਅਤੇ ਕਰਨੀਆਂ ਦੀਆਂ ਕਹਾਣੀਆਂ ਸੁਣੀਆਂ ਅਤੇ ਉਸ ਦੇ ਮਨ ਵਿਚ ਵੀ ਦੇਸ਼ ਪਿਆਰ ਦਾ ਵਲਵਲਾ ਉਬਾਲੇ ਲੈਣ ਲੱਗਾ। ਉਹ 1918 ਵਿਚ ਅੱਠਵੀਂ ਜਮਾਤ ਦੀ ਪੜ੍ਹਾਈ ਛੱਡ ਕੇ ਫੌਜ ਵਿਚ ਭਰਤੀ ਹੋ ਗਿਆ। ਇਹ ਵਿਸ਼ਵ ਯੁੱਧ ਦਾ ਸਮਾਂ ਸੀ। ਅਗਲੇ ਹੀ ਸਾਲ ਅਪਰੈਲ ਦੇ ਮਹੀਨੇ ਉਸ ਦੀ ਪਲਟਨ ਨੂੰ ਹਾਂਗਕਾਂਗ ਦੀ ਛਾਉਣੀ ਵਿਚ ਤਾਇਨਾਤ ਕੀਤਾ ਗਿਆ। ਗੁਰਦਿੱਤ ਸਿੰਘ ਕੁੱਝ ਪੜ੍ਹਿਆ-ਲਿਖਿਆ ਹੋਣ ਕਰਕੇ ਆਪਣੇ ਸਾਥੀ ਸੈਨਿਕਾਂ ਨੂੰ ਦੇਸ਼ ਵਿਚ ਵਾਪਰ ਰਹੀਆਂ ਘਟਨਾਵਾਂ ਦੀ ਜਾਣਕਾਰੀ ਦਿੰਦਾ। ਜਦੋਂ ਸਰਕਾਰ ਨੇ ਸੈਨਾ ਵਿਚ ਸਿੱਖ ਸੈਨਿਕਾਂ ਦੇ ਕਿਰਪਾਨ ਪਹਿਨਣ ਉੱਤੇ ਪਾਬੰਦੀ ਲਾਈ ਤਾਂ ਗੁਰਦਿੱਤ ਸਿੰਘ ਇਸ ਦਾ ਵਿਰੋਧ ਕਰਨ ਵਾਲਿਆਂ ਵਿਚ ਸ਼ਾਮਲ ਸੀ। 1920 ਵਿਚ ਇਸ ਪਲਟਨ ਨੂੰ ਲਾਹੌਰ ਲਿਆਂਦਾ ਗਿਆ। ਇੱਥੇ ਛਾਉਣੀ ਵਿਚ ਬੱਬਰਾਂ ਦਾ ਆਉਣ-ਜਾਣ ਸੀ। ਗੁਰਦਿੱਤ ਸਿੰਘ ਦਾ ਉਨ੍ਹਾਂ ਨਾਲ ਸੰਪਰਕ ਹੋ ਗਿਆ। ਬੱਬਰ ਚੋਰੀ ਛਿਪੇ ਉਸ ਨੂੰ ਆਪਣਾ ਅਖ਼ਬਾਰ ‘ਬੱਬਰ ਅਕਾਲੀ ਦੁਆਬਾ’ ਦੇ ਜਾਂਦੇ ਅਤੇ ਉਹ ਆਪਣੇ ਹੋਰ ਸਾਥੀਆਂ ਨੂੰ ਇਹ ਅਖ਼ਬਾਰ ਪੜ੍ਹਨ ਲਈ ਦਿੰਦਾ। ਸੰਸਾਰ ਜੰਗ ਦੇ ਖ਼ਾਤਮੇ ਉੱਪਰ ਜਦੋਂ ਫੌਜੀ ਨਫ਼ਰੀ ਘਟਾਈ ਗਈ ਤਾਂ 1922 ਈਸਵੀ ਵਿਚ ਗੁਰਦਿੱਤ ਸਿੰਘ ਆਪਣੇ ਪਿੰਡ ਆ ਕੇ ਖੇਤੀਬਾੜੀ ਕਰਨ ਲੱਗ ਪਿਆ।
ਗੁਰਦਿੱਤ ਸਿੰਘ ਹੁਣ ਤੱਕ ਅਕਾਲੀ ਵਿਚਾਰਧਾਰਾ ਵਿਚ ਰੰਗਿਆ ਜਾ ਚੁੱਕਾ ਸੀ, ਇਸ ਲਈ ਉਸ ਨੇ ਪਿੰਡ ਆ ਕੇ ਅਕਾਲੀ ਜਥਾ ਸੰਗਠਿਤ ਕੀਤਾ ਅਤੇ ਅਕਾਲੀ ਸਰਗਰਮੀਆਂ ਵਿਚ ਭਾਗ ਲੈਣ ਲੱਗਾ। ਸਰਕਾਰ ਵਿਰੁੱਧ ਉਸ ਦੇ ਨਿਧੜਕ ਅਤੇ ਖੜਕਵੇਂ ਭਾਸ਼ਣਾਂ ਕਾਰਨ ਲੋਕਾਂ ਨੇ ਉਸ ਦੇ ਨਾਂ ਨਾਲ ‘ਦਲੇਰ’ ਸ਼ਬਦ ਜੋੜ ਦਿੱਤਾ। ਗੁਰੂ ਕਾ ਬਾਗ ਦੇ ਮੋਰਚੇ ਵਿਚ ਪੁਲੀਸ ਦੇ ਤਸ਼ੱਦਦ ਦਾ ਸ਼ਿਕਾਰ ਹੋਣ ਕਾਰਨ ਜਦ ਉਹ ਬਹੁਤ ਹੀ ਨਿਢਾਲ ਹੋ ਗਿਆ ਤਾਂ ਪ੍ਰਬੰਧਕਾਂ ਨੇ ਉਸ ਨੂੰ ਪਿੰਡ ਭੇਜ ਦਿੱਤਾ। ਪਿੰਡ ਆ ਕੇ ਵੀ ਉਹ ਟਿਕਿਆ ਨਹੀਂ ਸਗੋਂ ਉਸ ਨੇ ਆਪਣੇ ਪਿੰਡ ਵਿਚੋਂ ਮੋਰਚੇ ਲਈ ਨੌਂ ਵਲੰਟੀਅਰ ਭੇਜੇ। ਗੁਰਦਿੱਤ ਸਿੰਘ ਦੀਆਂ ਅਕਾਲੀ ਪੱਖੀ ਸਰਗਰਮੀਆਂ ਕਾਰਨ ਇਹ ਪਰਿਵਾਰ ਪੁਲੀਸ ਦੀਆਂ ਅੱਖਾਂ ਵਿਚ ਰੜਕਣ ਲੱਗਾ। ਫਲਸਰੂਪ 1924 ਵਿਚ ਜਦੋਂ ਜੈਤੋ ਦਾ ਮੋਰਚਾ ਸ਼ੁਰੂ ਹੋਇਆ ਤਾਂ ਪੁਲੀਸ ਦੀ ਪਕੜ ਤੋਂ ਬਚਣ ਲਈ ਗੁਰਦਿੱਤ ਸਿੰਘ ਅੰਮ੍ਰਿਤਸਰ ਚਲਾ ਗਿਆ ਪਰ ਪੁਲੀਸ ਨੇ ਉਸ ਦੇ ਭਰਾ ਰਤਨ ਸਿੰਘ ਅਤੇ ਉਸ ਦੇ ਪਿਤਾ ਨੰਬਰਦਾਰ ਮੰਗਲ ਸਿੰਘ ਨੂੰ ਭਾਰਤੀ ਦੰਡਾਵਲੀ ਦੀ ਦਫ਼ਾ 107 ਅਧੀਨ ਗਿ੍ਰਫਤਾਰ ਕਰ ਲਿਆ। ਮੁਕੱਦਮਾ ਚੱਲਿਆ ਤਾਂ ਰਤਨ ਸਿੰਘ ਨੂੰ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਨੰਬਰਦਾਰ ਮੰਗਲ ਸਿੰਘ ਮੁਕੱਦਮੇ ਵਿਚੋਂ ਤਾਂ ਬਰੀ ਹੋ ਗਿਆ ਪਰ ਸਰਕਾਰ ਨੇ ਉਸ ਨੂੰ ਨੰਬਰਦਾਰੀ ਤੋਂ ਖਾਰਜ ਕਰ ਦਿੱਤਾ। ਭਾਈ ਫੇਰੂ ਦੇ ਮੋਰਚੇ ਵਿਚ ਗਿ੍ਰਫਤਾਰ ਹੋ ਕੇ ਉਸ ਨੇ 6 ਮਹੀਨੇ ਕੈਦ ਦੀ ਸਜ਼ਾ ਭੁਗਤੀ।
ਇਨ੍ਹੀਂ ਦਿਨੀਂ ਜਲੰਧਰ ਤੋਂ ਪ੍ਰਕਾਸ਼ਿਤ ਹੁੰਦਾ ਅਖ਼ਬਾਰ ‘ਦੇਸ਼ ਸੇਵਕ’ ਸਰਕਾਰ ਵਿਰੁੱਧ ਲਿਖਤਾਂ ਛਾਪ ਰਿਹਾ ਸੀ। ਅਦਾਲਤ ਨੇ ਬੱਬਰ ਅਕਾਲੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਤਾਂ ‘ਦੇਸ਼ ਸੇਵਕ’ ਨੇ ਇਸ ਨੂੰ ਲੈ ਕੇ ਸਰਕਾਰ ਦੀ ਖੂਬ ਭੰਡੀ ਕੀਤੀ। ਨਤੀਜੇ ਵਜੋਂ ਸਰਕਾਰ ਨੇ ਦੇਸ਼ ਸੇਵਕ ਦੇ ਸੰਪਾਦਕ ਨੂੰ ਗਿ੍ਰਫਤਾਰ ਕਰ ਲਿਆ। ਅਖ਼ਬਾਰ ਦੇ ਪ੍ਰਬੰਧਕਾਂ ਨੇ ਇਸ ਬਿਖੜੇ ਸਮੇਂ ਗੁਰਦਿੱਤ ਸਿੰਘ ਨੂੰ ‘ਦੇਸ਼ ਸੇਵਕ’ ਦਾ ਸੰਪਾਦਕ ਬਣਾ ਦਿੱਤਾ। ਉਹ ਵੀ ਪਹਿਲੇ ਸੰਪਾਦਕ ਵੱਲੋਂ ਪਾਈਆਂ ਲੀਹਾਂ ਉੱਤੇ ਚੱਲਿਆ, ਫਲਸਰੂਪ ਅਖ਼ਬਾਰ ਵਿਚ ‘ਜਲੰਧਰ ਵਿਚ ਇਨਸਾਫ ਦਾ ਖੂਨ’ ਲੇਖ ਲਿਖਣ ਕਾਰਨ ਉਸ ਵਿਰੱਧ ਮੁਕੱਦਮਾ ਚੱਲਿਆ, ਜਿਸ ਵਿਚ ਉਸ ਨੂੰ ਇਕ ਮਹੀਨਾ ਕੈਦ ਅਤੇ 150 ਰੁਪਏ ਜੁਰਮਾਨੇ ਦੀ ਸਜ਼ਾ ਹੋਈ।
ਕੈਦ ਪੂਰੀ ਹੋਣ ਉਪਰੰਤ ਬਾਹਰ ਆ ਕੇ ਉਸ ਨੇ 1929 ਈਸਵੀ ਵਿਚ ਗੁੱਜਰਾਂਵਾਲਾ ਵਿਚ ਚੀਫ਼ ਖਾਲਸਾ ਦੀਵਾਨ ਵੱਲੋਂ ਚਲਾਏ ਜਾ ਰਹੇ ਗਿਆਨੀ ਕਾਲਜ ਵਿਚ ਦਾਖਲਾ ਲੈ ਲਿਆ। ਉਹ ਪੜ੍ਹਾਈ ਦੇ ਨਾਲ ਨਾਲ ਸਿਆਸਤ ਵਿਚ ਵੀ ਸਰਗਰਮ ਰਿਹਾ। ਕਾਲਜ ਪ੍ਰਬੰਧਕਾਂ ਨੂੰ ਉਸ ਦੀਆਂ ਗਤੀਵਿਧੀਆਂ ਪਸੰਦ ਨਾ ਆਈਆਂ ਜਿਸ ਕਾਰਨ ਉਸ ਦਾ ਨਾਂ ਕਾਲਜ ਵਿਚੋਂ ਕੱਟ ਦਿੱਤਾ ਗਿਆ। ਨਤੀਜੇ ਵਜੋਂ ਉਸ ਨੇ ਵਾਪਸ ਅੰਮ੍ਰਿਤਸਰ ਆ ਕੇ ਗੁਰੂ ਰਾਮਦਾਸ ਗਿਆਨੀ ਕਾਲਜ ਵਿਚ ਦਾਖਲਾ ਲਿਆ ਅਤੇੇ 1932 ਵਿਚ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਇਨ੍ਹੀਂ ਦਿਨੀਂ ਜੇਲ੍ਹ ਵਿਚ ਬਾਬਾ ਨੰਦ ਸਿੰਘ ਅਤੇ ਬਾਬਾ ਚੂਹੜ ਸਿੰਘ ਦੀ ਭੁੱਖ ਹੜਤਾਲ ਚੱਲ ਰਹੀ ਸੀ ਅਤੇ ਬਾਹਰ ਇਨ੍ਹਾਂ ਬਾਬਿਆਂ ਪ੍ਰਤੀ ਸਰਕਾਰ ਦੀ ਬੇਧਿਆਨੀ ਖ਼ਿਲਾਫ਼ ਰੋਸ ਉਤਪੰਨ ਹੋ ਰਿਹਾ ਸੀ। ਗੁਰਦਿੱਤ ਸਿੰਘ ਨੇ 1933 ਵਿਚ ਪਿੰਡ ਜੰਡਿਆਲਾ, ਜ਼ਿਲ੍ਹਾ ਜਲੰਧਰ ਵਿਚ ਚੌਕੀ ਮੇਲੇ ਦੇ ਮੌਕੇ ਉੱਤੇ ਹੋਏ ਇਕ ਜਲਸੇ ਵਿਚ ਸਰਕਾਰ ਦੀ ਇਸ ਗੱਲੋਂ ਘੋਰ ਨਿਖੇਧੀ ਕੀਤੀ, ਫਲਸਰੂਪ ਉਸ ਨੂੰ ਬਗਾਵਤੀ ਭਾਸ਼ਣ ਦੇਣ ਦੇ ਦੋਸ਼ ਹੇਠ ਗਿ੍ਰਫਤਾਰ ਕਰ ਲਿਆ ਗਿਆ। ਮੁਕੱਦਮੇ ਵਿਚ ਅਦਾਲਤ ਨੇ ਉਸ ਨੂੰ ਇਕ ਸਾਲ ਕੈਦ ਦੀ ਸਜ਼ਾ ਦਿੱਤੀ ਗਈ। ਬਾਬਾ ਭਗਵਾਨ ਸਿੰਘ ਕੈਨੇਡੀਅਨ ਅਤੇ ਭਾਈ ਭਗਵਾਨ ਸਿੰਘ ਪਿੰਡ ਦੁਸਾਂਝ ਕਲਾਂ ਵੱਲੋਂ ਜ਼ਮਾਨਤ ਪਿੱਛੋਂ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਨਿਕਟ ਭੂਤ ਵਿਚ ਵਾਪਰੀਆਂ ਘਟਨਾਵਾਂ ਨੇ ਉਸ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਸੀ। ਉਸ ਦੇ ਮਨ ਵਿਚ ਪੰਜਾਬੀਆਂ ਨਾਲ ‘ਅੱਗ ਲੈਣ ਆਈ ਘਰ ਦੀ ਮਾਲਕ ਬਣ ਬੈਠੀ’ ਕਹਾਵਤ ਅਨੁਸਾਰ ਵਿਹਾਰ ਕਰਨ ਵਾਲੀ ਅੰਗਰੇਜ਼ ਸਰਕਾਰ ਤੋਂ ਬਦਲਾ ਲੈਣ ਦਾ ਵਿਚਾਰ ਘਰ ਚੁੱਕਾ ਸੀ। ਸੋ ਉਹ ਉਨ੍ਹੀਂ ਦਿਨੀਂ ਸਰਗਰਮ ਬੱਬਰਾਂ ਨਾਲ ਰਲ ਗਿਆ। ਪਹਿਲੇ ਬੱਬਰ ਅਕਾਲੀ ਮੁਕੱਦਮੇ ਵਿਚ ਛੇ ਬੱਬਰਾਂ ਨੂੰ ਫਾਂਸੀ ਦਿੱਤੀ ਗਈ ਸੀ ਇਸ ਲਈ ਇਸ ਮੁਕੱਦਮੇ ਵਿਚ ਬਣਿਆ ਵਾਅਦਾ ਮੁਆਫ਼ ਗਵਾਹ ਅਨੂਪ ਸਿੰਘ ਮਣਕੋ ਬੱਬਰ ਅਕਾਲੀਆਂ ਦੀਆਂ ਅੱਖਾਂ ਵਿਚ ਰੜਕਦਾ ਸੀ। ਸੋ ਗੁਰਦਿੱਤ ਸਿੰਘ ‘ਦਲੇਰ’ ਵਾਲੀ ਬੱਬਰ ਟੋਲੀ ਨੇ ਅਨੂਪ ਸਿੰਘ ਨੂੰ ਯਮਰਾਜ ਕੋਲ ਪਹੁੰਚਾਉਣ ਦਾ ਫੈਸਲਾ ਕੀਤਾ ਅਤੇ 18 ਜੂਨ 1936 ਨੂੰ ਆਪਣੇ ਫੈਸਲੇ ਉੱਤੇ ਅਮਲ ਕਰਦਿਆਂ ਅਨੂਪ ਸਿੰਘ ਅਤੇ ਉਸ ਦੇ ਨਾਬਾਲਗ ਪੁੱਤਰ ਮਲਕੀਤ ਸਿੰਘ ਨੂੰ ਕਤਲ ਕਰ ਦਿੱਤਾ। ਲਗਪਗ ਛੇ ਮਹੀਨੇ ਪੁਲੀਸ ਦੀਆਂ ਅੱਖਾਂ ਤੋਂ ਉਹਲੇ ਰਹਿਣ ਪਿੱਛੋਂ ਉਹ 15 ਦਸੰਬਰ 1936 ਨੂੰ ਆਪਣੇ ਇਕ ਹੋਰ ਸਾਥੀ ਕਰਤਾਰ ਸਿੰਘ ਸਮੇਤ ਪਿੰਡ ਜਗਜੀਤਪੁਰ ਰਿਆਸਤ ਕਪੂਰਥਲਾ ਵਿਚ ਪੁਲੀਸ ਵੱਲੋਂ ਫੜਿਆ ਗਿਆ। ਪੰਜਾਬ ਸਰਕਾਰ ਦੀ ਪੁਲੀਸ ਗੁਰਦਿੱਤ ਸਿੰਘ ਨੂੰ ਅਨੂਪ ਸਿੰਘ ਮਣਕੋ ਅਤੇ ਉਸ ਦੇ ਪੁੱਤਰ ਦੇ ਕਤਲ ਦੇ ਦੋਸ਼ ਵਿਚ ਸ਼ਾਮਲ ਦੱਸ ਕੇ ਕਪੂਰਥਲੇ ਤੋਂ ਜਲੰਧਰ ਲੈ ਆਈ ਅਤੇ ਉਸ ਉੱਤੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ। ਪੁਲੀਸ ਗਦਰੀਆਂ ਅਤੇ ਬੱਬਰਾਂ ਦੇ ਖ਼ਿਲਾਫ਼ ਪੁਲੀਸ ਕੋਲ ਮੁਖਬਰੀ ਕਰਨ ਵਾਲੇ ਅਨੂਪ ਸਿੰਘ ਅਤੇ ਬੇਲਾ ਸਿੰਘ ਦੇ ਕਤਲ ਨੂੰ ਇਕ ਸਾਜ਼ਿਸ਼ ਬਣਾ ਕੇ ਉਨ੍ਹੀਂ ਦਿਨੀਂ ਸਰਕਾਰ ਵਿਰੁੱਧ ਸਰਗਰਮ ਹਰਜਾਪ ਸਿੰਘ ਮਾਹਲਪੁਰ, ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਅਤੇ ਅੱਧੀ ਦਰਜਨ ਹੋਰ ਦੇਸ਼ ਭਗਤਾਂ ਨੂੰ ਇਸ ਮੁਕੱਦਮੇ ਵਿਚ ਲਪੇਟਣਾ ਚਾਹੁੰਦੀ ਸੀ। ਗਿਆਨੀ ਗੁਰਦਿੱਤ ਸਿੰਘ ਦਲੇਰ ਨੇ ਆਪਣੇ ਆਪ ਨੂੰ ਜੋਖਮ ਵਿਚ ਪਾ ਕੇ ਪੁਲੀਸ ਦੀ ਇਸ ਯੋਜਨਾ ਨੂੰ ਅਸਫਲ ਬਣਾਇਆ।
ਸੈਸ਼ਨ ਜੱਜ ਵੱਲੋਂ 15 ਜੁਲਾਈ 1938 ਨੂੰ ਗਿਆਨੀ ਗੁਰਦਿੱਤ ਸਿੰਘ ‘ਦਲੇਰ’ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਪਿੱਛੋਂ ਲਗਪਗ ਦਸ ਮਹੀਨੇ ਦਾ ਸਮਾਂ ਹੋਰ ਰਸਮੀ ਕਾਰਵਾਈਆਂ ਵਿਚ ਨਿਕਲ ਗਿਆ। ਅੰਤ ਜਲੰਧਰ ਪ੍ਰਸ਼ਾਸਨ ਵੱਲੋਂ ਕੀਤੀ ਮੰਗ ਅਨੁਸਾਰ ਇਸ ਸੂਰਬੀਰ ਨੂੰ 19 ਮਈ 1939 ਦੇ ਦਿਨ ਮੁਲਤਾਨ ਕੇਂਦਰੀ ਜੇਲ੍ਹ ਵਿਚ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ। ਗਿਆਨੀ ਗੁਰਦਿੱਤ ਸਿੰਘ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦਾ ਹੋਇਆ ਫਾਂਸੀ ਦੇ ਤਖਤੇ ਤੱਕ ਗਿਆ, ਉਸ ਨੇ ਫਾਂਸੀ ਲਾਏ ਜਾਣ ਮੌਕੇ ਪਹਿਨਿਆ ਜਾਣ ਵਾਲਾ ਰਸਮੀ ਟੋਪ ਵੀ ਨਾ ਪਹਿਨਿਆ ਅਤੇ ਫਾਂਸੀ ਦਾ ਰੱਸਾ ਖੁਦ ਆਪਣੇ ਗਲ ਵਿਚ ਪਾਇਆ। ਸ਼ਹੀਦੀ ਸਮੇਂ ਗਿਆਨੀ ਗੁਰਦਿੱਤ ਸਿੰਘ ਦੀ ਉਮਰ ਸਿਰਫ 39 ਸਾਲ 10 ਮਹੀਨੇ 18 ਦਿਨ ਦੀ ਸੀ। ਕਿਰਤੀ ਲਹਿਰ ਦੇ 4 ਜੂਨ 1939 ਅੰਕ ਵਿਚ ‘‘ਗਿਆਨੀ ਗੁਰਦਿੱਤ ਸਿੰਘ ‘ਦਲੇਰ’ ਵੱਲੋਂ ਫਾਂਸੀ ਚੜ੍ਹਨ ਸਮੇਂ ਦੇਸ ਵਾਸੀਆਂ ਨੂੰ ਅੰਤਿਮ ਸੰਦੇਸ਼’’ ਸੁਰਖੀ ਹੇਠ ਛਪੀ ਕਵਿਤਾ ਦੀਆਂ ਕੁੱਝ ਪੰਕਤੀਆਂ ਇਉਂ ਸਨ:
ਮੇਰੀ ਮੌਤ ਦਾ ਨਹੀਂ ਅਫਸੋਸ ਕਰਨਾ,
ਸਗੋਂ ਚਾੜ੍ਹਨੇ ਖੁਸ਼ੀ ਦੇ ਫੁੱਲ ਵੀਰੋ।
ਭਾਣੇ ਵਿਚ ਅਕਾਲ ‘ਦਲੇਰ’ ਜਾਵੇ,
ਪਿਆਰੇ ਦਿਲਾਂ ਨੂੰ ਜਾਵੇ ਨਾ ਭੁੱਲ ਵੀਰੋ।
ਮੇਰੀ ਰੂਹ ਨੂੰ ਤਦੋਂ ਹੈ ਸ਼ਾਂਤ ਆਵੇ,
ਪਿਆਰੇ ਵਤਨ ’ਤੇ ਜਦੋਂ ਬਹਾਰ ਫਿਰਸੀ।
ਗੌਣ ਬੁਲਬੁਲਾਂ ਗੀਤ ਆਜ਼ਾਦੜੀ ਦੇ,
ਸੋਹਣੇ ਚਮਨ ਵਿਚ ਜਦੋਂ ਗੁਲਜ਼ਾਰ ਖਿੜਸੀ।
ਸੰਪਰਕ: 94170-49417