ਅਟਵਾਲ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 9 ਅਪਰੈਲ
ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋਫੈਸਰ ਹਰਜਿੰਦਰ ਸਿੰਘ ਅਟਵਾਲ (ਡਾਕਟਰ) ਦੇ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬ ਦੀਆਂ ਧਾਰਮਿਕ, ਲੇਖਕ ,ਸਾਹਿਤਕਾਰ, ਪੱਤਰਕਾਰ, ਵਿਦਿਆ ਦਾਨੀ, ਸਮਾਜ ਸੇਵੀ, ਰਾਜਨੀਤਕ ਸਖ਼ਸ਼ੀਅਤਾਂ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਪ੍ਰੋ: ਅਟਵਾਲ ਦੇ ਜੱਦੀ ਪਿੰਡ ਚਾਹੜਕੇ ਵਿਖੇ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਜਥੇ ਨੇ ਵਿਰਾਗਮਈ ਸ਼ਬਦ ਕੀਰਤਨ ਗੁਰਦੁਆਰਾ ਸਿੰਘ ਸਭਾ ਚਾਹੜਕੇ ਵਿੱਚ ਸਰਵਣ ਕਰਾਇਆ।
ਬੁਲਾਰਿਆਂ ਨੇ ਕਿਹਾ ਕਿ ਹਰਜਿੰਦਰ ਸਿੰਘ ਅਟਵਾਲ ਨੇ ਸਦਾ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪਹਿਰੇਦਾਰੀ ਕੀਤੀ। ਉਨ੍ਹਾਂ ਕਿਹਾ ਜਿੱਥੇ ਪ੍ਰੋਫੈਸਰ ਬਣ ਕੇ ਉਹ ਵਿੱਦਿਆ ਦਾ ਚਾਨਣ ਮੁਨਾਰਾ ਬਣੇ ਉੱਥੇ ਨਿਰਪੱਖ ਪੱਤਰਕਾਰੀ ਕਰਕੇ ਨਾਮਣਾ ਖੱਟਿਆ ਅਤੇ ਚੰਗੇ ਸੰਗਠਨ ਕਰਤਾ ਬਣ ਕੇ ਬਹੁੱਤ ਸਾਰੀਆਂ ਲੇਖਕ ਤੇ ਸਾਹਿਤ ਸਭਾਵਾਂ ਦੀ ਰਹਿਨੁਮਾਈ ਕਰਨ ਚ ਸਫਲਤਾ ਹਾਸਲ ਕੀਤੀ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਵਿਧਾਇਕ ਬਲਕਾਰ ਸਿੰਘ ਅਤੇ ਮਾਰਕਿਟ ਕਮੇਟੀ ਜਲੰਧਰ ਦੇ ਚੇਅਰਮੈਨ ਗੁਰਪਾਲ ਸਿੰਘ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਅਟਵਾਲ ਨਾਲ ਸਲਾਹ-ਮਸ਼ਵਰਾ ਕਰਕੇ ਇਲਾਕੇ ਵਿੱਚ ਵਿਚਰਦੇ ਰਹੇ ਜਿਸ ਕਰਕੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਪ੍ਰੋ. ਅਟਵਾਲ ਵੱਲੋਂ ਪਿੰਡ ਚਾਹੜਕੇ ਦੇ ਸਰਬਪੱਖੀ ਵਿਕਾਸ ਕਰਨ ਵਿੱਚ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ। ਲਖਵਿੰਦਰ ਸਿੰਘ ਜੌਹਲ ਨੇ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।