ਅਗਵਾ ਬੱਚਾ ਮਾਪਿਆਂ ਹਵਾਲੇ ਕੀਤਾ
ਹਤਿੰਦਰ ਮਹਿਤਾ
ਜਲੰਧਰ, 13 ਅਪਰੈਲ
ਕਮਿਸ਼ਨਰੇਟ ਪੁਲੀਸ (ਜਲੰਧਰ) ਨੇ ਅਗਵਾ ਕੀਤੇ ਬੱਚੇ ਨੂੰ ਬਰਾਮਦ ਕਰ ਕੇ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਸੀਪੀ (ਜਲੰਧਰ) ਨੇ ਕਿਹਾ ਕਿ ਐੱਫਆਈਆਰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਹਿਰਾਈਚ ਦੇ ਪਿੰਡ ਬੇਹਕੁੰਠ ਦੀ ਵਸਨੀਕ ਮੀਨਾ ਕੁਮਾਰੀ ਪਤਨੀ ਰਾਮ ਨਰੇਸ਼ ਦੇ ਬਿਆਨ ’ਤੇ ਪੁਲੀਸ ਸਟੇਸ਼ਨ ਡਿਵੀਜ਼ਨ ਨੰਬਰ 4 ਜਲੰਧਰ ਵਿੱਚ ਦਰਜ ਕੀਤੀ ਗਈ ਸੀ। ਮੀਨਾ ਕੁਮਾਰੀ ਨੇ ਕਿਹਾ ਕਿ ਡੇਢ ਵਜੇ ਜਦੋਂ ਉਹ ਜਲੰਧਰ ਦੇ ਲੱਧੇਵਾਲੀ ਰੋਡ ਦੇ ਪ੍ਰੀਤ ਨਗਰ ਵਿੱਚ ਆਪਣੇ ਘਰ ਸੀ ਤਾਂ ਇੱਕ ਆਦਮੀ ਅਤੇ ਔਰਤ ਐਕਟਿਵਾ ਸਕੂਟਰ ’ਤੇ ਆਏ ਅਤੇ ਕਿਹਾ ਕਿ ਸਿਵਲ ਹਸਪਤਾਲ, ਜਲੰਧਰ ਵਿੱਚ ਆਪਣੇ ਬੱਚੇ ਨੂੰ ਪੋਲੀਓ ਟੀਕਾਕਰਨ ਕਰਵਾ ਲੈਣ। ਉਨ੍ਹਾਂ ਦੀਆਂ ਗੱਲਾਂ ’ਤੇ ਭਰੋਸਾ ਕਰਦਿਆਂ ਉਹ ਆਪਣੇ ਦੋ ਸਾਲ ਦੇ ਪੁੱਤਰ ਨਾਲ ਉਨ੍ਹਾਂ ਦੇ ਸਕੂਟਰ ’ਤੇ ਉਨ੍ਹਾਂ ਨਾਲ ਚਲੇ ਗਈ। ਹਸਪਤਾਲ ਵਿੱਚ ਪਹੁੰਚਣ ’ਤੇ ਉਹ ਬੱਚੇ ਨੂੰ ਧੋਖੇ ਨਾਲ ਲੈ ਗਏ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ।
ਤਕਨੀਕੀ ਟੀਮਾਂ ਅਤੇ ਖੁਫੀਆ ਜਾਣਕਾਰੀ ਦੇ ਸਮਰਥਨ ਨਾਲ ਮੁਲਜ਼ਮ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ। ਵੱਖ-ਵੱਖ ਥਾਵਾਂ ਤੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ। ਲਗਾਤਾਰ ਜਾਂਚ ਦੇ ਯਤਨਾਂ ਅਤੇ ਵਧਦੇ ਦਬਾਅ ਕਾਰਨ, ਮੁਲਜ਼ਮ ਬੱਚੇ ਨੂੰ ਉਸ ਦੇ ਘਰ ਦੇ ਨੇੜੇ ਛੱਡ ਗਏ। ਪੁਲੀਸ ਟੀਮ ਵੱਲੋਂ ਬੱਚੇ ਨੂੰ ਤੁਰੰਤ ਸੁਰੱਖਿਅਤ ਬਰਾਮਦ ਕਰ ਲਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਬੱਚੇ ਨੂੰ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ।