For the best experience, open
https://m.punjabitribuneonline.com
on your mobile browser.
Advertisement

ਅਖ਼ਬਾਰ ਦੀ ਚੇਟਕ

04:05 AM Apr 12, 2025 IST
ਅਖ਼ਬਾਰ ਦੀ ਚੇਟਕ
Advertisement

ਲੱਖਾ ਧੀਮਾਨ

Advertisement

ਬੱਚਿਆਂ ਦੀਆਂ ਜਮਾਤਾਂ ਦੇ ਨਤੀਜੇ ਆ ਗਏ ਹਨ ਤੇ ਸਾਰੇ ਆਪੋ-ਆਪਣੀਆਂ ਨਵੀਆਂ ਕਿਤਾਬਾਂ ਕਾਪੀਆਂ ਜੋ ਅੱਜ ਕੱਲ੍ਹ ਪ੍ਰਾਈਵੇਟ ਸਕੂਲਾਂ ਵਿੱਚ ਤਾਂ ਨਤੀਜੇ ਦੇ ਨਾਲ ਹੀ ਸਕੂਲਾਂ ਵਿੱਚ ਮਿਲ ਜਾਂਦੀਆਂ ਹਨ, ਲੈ ਰਹੇ ਹਨ। ਪੁੱਤਰ ਦੀਆਂ ਅੱਠਵੀਂ ਦੀਆਂ ਕਿਤਾਬਾਂ ਖਰੀਦੀਆਂ ਤੇ ਹੋਰ ਸਮਾਨ ਲੈਣ ਲਈ ਬੁੱਕ ਡੀਪੂ ਗਏ ਤਾਂ ਬੁੱਕ ਡੀਪੂ ’ਤੇ ਜਿਲਦਾਂ ਚੜ੍ਹਾਉਣ ਲਈ ਕਿਤਾਬਾਂ ਦੇ ਢੇਰ ਲੱਗੇ ਪਏ ਸਨ। ਇਹ ਕਿਤਾਬਾਂ ਜਿਲਦ ਚੜ੍ਹਾਉਣ ਲਈ ਆਈਆਂ ਹੋਈਆਂ ਸਨ।
ਇਹ ਦੇਖ ਕੇ ਮੈਨੂੰ ਆਪਣਾ ਸਮਾਂ ਯਾਦ ਆ ਗਿਆ। ਜਦੋਂ ਨਵੀਂ ਜਮਾਤ ਵਿੱਚ ਜਾਣਾ ਤਾਂ ਉਸ ਜਮਾਤ ਵਿੱਚ ਪੜ੍ਹ ਚੁੱਕੇ ਸਭ ਤੋਂ ਹੁਸਿ਼ਆਰ ਬੱਚੇ ਵੱਲ ਨਿਗ੍ਹਾ ਰੱਖਣੀ, ਉਸ ਨੂੰ ਪਹਿਲਾਂ ਹੀ ਬੁੱਕ ਕਰ ਲੈਣਾ ਕਿ ਉਹ ਆਪਣੀਆਂ ਕਿਤਾਬਾਂ ਮੈਨੂੰ ਹੀ ਦੇਵੇ। ਪਤਾ ਹੁੰਦਾ ਸੀ ਕਿ ਹੁਸਿ਼ਆਰ ਵਿਦਿਆਰਥੀ ਹੈ, ਪਾਸ ਤਾਂ ਹੋਵੇਗਾ ਹੀ; ਨਾਲ ਕਿਤਾਬਾਂ ਵੀ ਸੰਭਾਲ ਕੇ ਰੱਖੀਆਂ ਹੋਣਗੀਆਂ।
ਚੱਲੋ ਜੀ... ਨਤੀਜੇ ਤੋਂ ਬਾਅਦ ਉਸ ਤੋਂ ਅੱਧੇ ਮੁੱਲ ’ਤੇ ਕਿਤਾਬਾਂ ਲੈ ਲੈਣੀਆਂ। ਫਿਰ ਸਮਾਂ ਆਉਣਾ ਇਨ੍ਹਾਂ ਨੂੰ ਠੀਕ-ਠਾਕ (ਰਿਪੇਅਰ) ਕਰਨ ਦਾ। ਜੋ ਕਿਤਾਬ ਥੋੜ੍ਹੀ ਬਹੁਤ ਫਟੀ-ਪਾਟੀ ਹੁੰਦਾ, ਉਸ ਨੂੰ ਪਹਿਲਾਂ ਤੋਂ ਹੀ ਕਿੱਕਰਾਂ ਤੋਂ ਲਾਹ ਕੇ ਲਿਆਂਦੀ ਗੂੰਦ ਨਾਲ ਜੋੜ ਲੈਂਦੇ। ਜੇ ਜਿ਼ਆਦਾ ਹੁੰਦਾ ਤਾਂ ਸੂਆ-ਧਾਗੇ ਨਾਲ ਠੋਸ ਗੱਤੇ ਦੀ ਜਿਲਦ ਬਣਾ ਕੇ ਸਿਉਂ ਲੈਂਦੇ। ਅੱਜ ਕੱਲ੍ਹ ਤਾਂ ਪਤਲੇ ਕਵਰ ਹੁੰਦੇ। ਅਸੀਂ ਗੱਤੇ ਦੀ ਜਗ੍ਹਾ ਪਿੰਡਾਂ ਵਿੱਚ ਵੋਟਾਂ ਵੇਲੇ ਜਾਂ ਕਿਸੇ ਖੇਤੀ ਨਾਲ ਸਬੰਧਿਤ ਸਪਰੇ ਦੀ ਮਸ਼ਹੂਰੀ ਵਾਲੇ ਪੈਂਫਲਿਟ ਇਕੱਠੇ ਕਰ ਕੇ ਰੱਖਦੇ। ਇਹ ਰੰਗ ਬਰੰਗੇ ਹੁੰਦੇ। ਇਨ੍ਹਾਂ ਦੀ ਵਰਤੋਂ ਕਰ ਲੈਂਦੇ। ਅਖ਼ਬਾਰ ਪਿੰਡ ਵਿੱਚ ਬਹੁਤ ਘੱਟ ਆਉਂਦਾ ਸੀ।
ਜਦੋਂ ਛੇਵੀਂ ਵਿੱਚ ਹੋਇਆ ਤਾਂ ਪਿਤਾ ਜੀ ਪਿੰਡ ਵਿੱਚ ਜਿਸ ਘਰੇ ਕੰਮ ਕਰਦੇ ਸਨ, ਉਨ੍ਹਾਂ ਦੇ ਅਖ਼ਬਾਰ ਆਉਂਦਾ ਸੀ। ਪੁਰਾਣੇ ਅਖ਼ਬਾਰ ਉਨ੍ਹਾਂ ਬੜੇ ਸਲੀਕੇ ਨਾਲ ਗੋਲ ਬੰਡਲ ਬਣਾ ਕੇ ਰੱਖੇ ਹੋਏ ਸਨ। ਅਖ਼ਬਾਰ ਦੇਖ ਕੇ ਮੇਰਾ ਮਨ ਲਲਚਾ ਗਿਆ। ਮੈਂ ਘਰ ਆਏ ਪਿਤਾ ਜੀ ਨੂੰ ਉਹ ਪੁਰਾਣੇ ਅਖ਼ਬਾਰ ਲਿਆ ਕੇ ਦੇਣ ਦੀ ਮੰਗ ਰੱਖ ਦਿੱਤੀ। ਦੂਜੇ ਦਿਨ ਕੰਮ ਤੋਂ ਵਾਪਿਸ ਆਉਂਦੇ ਹੋਏ ਉਨ੍ਹਾਂ ਦੇ ਹੱਥ ਵਿੱਚ ਅਖ਼ਬਾਰਾਂ ਦੇ ਦੋ ਬੰਡਲ ਦੇਖ ਕੇ ਮੇਰੇ ਕੋਲੋਂ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ।
ਅਖ਼ਬਾਰ ਘਰ ਆਉਣ ’ਤੇ ਮੈਂ ਦੂਜੇ ਦਿਨ ਰੰਗਦਾਰ ਸਫੇ ਅੱਡ-ਅੱਡ ਕਰਨ ਲੱਗ ਪਿਆ ਤਾਂ ਜੋ ਰੰਗ ਬਰੰਗੇ ਅਖ਼ਬਾਰ ਜਿਲਦਾਂ ਲਈ ਵਰਤ ਸਕਾਂ। ਅਖ਼ਬਾਰਾਂ ਦੀ ਛਾਂਟੀ ਕਰਦੇ ਸਮੇਂ ਸ਼ਨਿੱਚਰਵਾਰ ਐਤਵਾਰ ਵਾਲੇ ਅਖ਼ਬਾਰ ਵਿੱਚ ਆਉਣ ਵਾਲੇ ਚਾਚਾ ਚੌਧਰੀ ਅਤੇ ਬੱਚਿਆਂ ਲਈ ਛਪਦੇ ਲੇਖਾਂ ਤੇ ਕਹਾਣੀਆਂ ਨੇ ਮੇਰਾ ਧਿਆਨ ਖਿੱਚਿਆ। ਹੁਣ ਮੇਰਾ ਕੰਮ ਰੰਗਦਾਰ ਅਖ਼ਬਾਰ ਅਲੱਗ ਕਰਨ ਦੀ ਬਜਾਏ ਸ਼ਨਿੱਚਰਵਾਰ ਐਤਵਾਰ ਦੇ ਅਖ਼ਬਾਰ ਅਲੱਗ ਕਰਨ ਵੱਲ ਸੀ। ਦੋਹਾਂ ਬੰਡਲਾਂ ਦੇ ਮੈਗਜ਼ੀਨ ਵਾਲੇ ਸਾਰੇ ਅਖ਼ਬਾਰ ਬਾਹਰ ਕੱਢ ਲਏ ਅਤੇ ਵਿਹਲੇ ਸਮੇਂ ਪੜ੍ਹ ਲੈਂਦਾ। ਕਹਾਣੀਆਂ ਪੜ੍ਹ ਕੇ ਖੂਬ ਮਜ਼ਾ ਆਉਂਦਾ। ਉਸ ਸਮੇਂ ਸਕੂਲਾਂ ਵਿੱਚ ਲਾਇਬ੍ਰੇਰੀ ਦਾ ਕੋਈ ਪ੍ਰਬੰਧ ਨਹੀਂ ਸੀ, ਇਸ ਲਈ ਮੈਂ ਆਪਣੀ ਚੇਟਕ ਪੂਰੀ ਕਰਨ ਲਈ ਪੰਜਾਬੀ ਅਤੇ ਹਿੰਦੀ ਦੀ ਸਿਲੇਬਸ ਦੀ ਕਿਤਾਬ ਵਿਚਲੀਆਂ ਕਹਾਣੀਆਂ ਤੇ ਕਵਿਤਾਵਾਂ ਪਹਿਲਾਂ ਹੀ ਪੜ੍ਹ ਲੈਂਦਾ ਸੀ। ਇਨ੍ਹਾਂ ਨਾਲ ਸਬਰ ਨਾ ਆਉਂਦਾ ਤਾਂ ਆਪਣੇ ਤੋਂ ਅੱਗੇ ਪੜ੍ਹਦੇ ਭੈਣ ਭਰਾਵਾਂ ਦੀਆਂ ਕਿਤਾਬਾਂ ਤੋਂ ਵੀ ਕਹਾਣੀਆਂ ਪੜ੍ਹ ਲੈਂਦਾ। ਇਉਂ ਪੁਰਾਣੇ ਅਖ਼ਬਾਰ ਪੜ੍ਹ-ਪੜ੍ਹ ਕੇ ਪੜ੍ਹਨ ਦੀ ਚੇਟਕ ਲੱਗ ਗਈ ਜੋ ਅੱਜ ਵੀ ਜਾਰੀ ਹੈ।
ਹੁਣ ਤਾਂ ਬੱਚਿਆਂ ਨੂੰ ਸਭ ਕੁਝ ਤਿਆਰ ਮਿਲਦਾ ਹੈ। ਮੋਬਾਈਲ ਨੇ ਹੱਥੀਂ ਕੰਮ ਕਰਨ ਦੀ ਆਦਤ ਅਤੇ ਸਿਲੇਬਸ ਤੋਂ ਬਾਹਰ ਪੜ੍ਹਨ ਦੀ ਆਦਤ ਲੱਗਭਗ ਖ਼ਤਮ ਹੀ ਕਰ ਦਿੱਤੀ ਹੈ।...
ਸੰਪਰਕ: 90417-36550

Advertisement
Advertisement

Advertisement
Author Image

Jasvir Samar

View all posts

Advertisement