ਅਕਾਲ ਪੁਰਖ ਕੀ ਫੌਜ ਜਥੇਬੰਦੀ ਨੇ ਦਸਤਾਰ ਦਿਵਸ ਮਨਾਇਆ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 14 ਅਪਰੈਲ
ਸਿੱਖ ਜਥੇਬੰਦੀਆਂ ਅਕਾਲ ਪੁਰਖ ਕੀ ਫੌਜ ਵੱਲੋਂ ਵਿਸਾਖੀ ਦਾ ਦਿਹਾੜਾ ਸਿੱਖ ਦਸਤਾਰ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਇਸ ਮੌਕੇ ਕਈ ਗੈਰ ਕੇਸਧਾਰੀ ਸਿੱਖਾਂ ਨੂੰ ਦਸਤਾਰਾਂ ਸਜਾਈਆਂ ਗਈਆਂ ਅਤੇ ਉਨ੍ਹਾਂ ਨੂੰ ਦਸਤਾਰਧਾਰੀ ਬਣਨ ਲਈ ਪ੍ਰੇਰਿਆ ਗਿਆ।
ਜਥੇਬੰਦੀ ਵੱਲੋਂ ਇਸ ਸਬੰਧ ਵਿੱਚ ਹੈਰੀਟੇਜ ਸਟਰੀਟ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਨੇੜੇ ਅਤੇ ਅਲਫਾ ਮਾਲ ਵਿੱਚ ਸਿੱਖ ਦਸਤਾਰ ਦਿਵਸ ਮਨਾਇਆ ਗਿਆ ਹੈ। ਜਥੇਬੰਦੀ ਦੇ ਮੁਖੀ ਐਡਵੋਕੇਟ ਜਸਵਿੰਦਰ ਸਿੰਘ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ਹੇਠ ਜਥੇਬੰਦੀ ਦੇ ਮੈਂਬਰਾਂ ਨੇ ਇੱਥੇ ਗੈਰ ਕੇਸਧਾਰੀ ਸਿੱਖਾਂ ਦੇ ਦਸਤਾਰਾਂ ਸਜਾਉਣ ਦਾ ਕੰਮ ਕੀਤਾ। ਪਤਿਤ ਹੋ ਚੁੱਕੇ ਸਿੱਖਾਂ ਨੂੰ ਦਸਤਾਰਾਂ ਸਜਾ ਕੇ ਸਿੱਖੀ ਵੱਲ ਵਾਪਸ ਪਰਤਣ ਲਈ ਪ੍ਰੇਰਿਆ ਗਿਆ ਹੈ।
ਜਥੇਬੰਦੀ ਦੇ ਮੁਖੀ ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਕਿ ਜਥੇਬੰਦੀ ਦਾ ਮੁੱਖ ਮੰਤਵ ਸਿੱਖੀ ਤੋਂ ਮੁੱਖ ਮੋੜ ਰਹੇ ਨੌਜਵਾਨਾਂ ਤੇ ਹੋਰਨਾਂ ਨੂੰ ਮੁੜ ਸਿੱਖੀ ਵੱਲ ਪ੍ਰੇਰਨਾ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ ਨੇ ਦਸਤਾਰ ਸਜਾਉਣ ਵਾਲਿਆਂ ਕੋਲੋਂ ਪ੍ਰਣ ਕਰਵਾਇਆ ਹੈ ਕਿ ਉਹ ਗੁਰੂ ਵਾਲੇ ਬਣਨ ਲਈ ਇੱਕ ਕਦਮ ਹੋਰ ਅਗਾਂਹ ਵਧਾਉਣਗੇ। ਇਸ ਦੌਰਾਨ ਜਥੇਬੰਦੀ ਦੇ ਮੈਂਬਰ ਹਰਜੀਤ ਸਿੰਘ ,ਸਰਬਜੀਤ ਸਿੰਘ ਨੇ ਬੱਚਿਆਂ ਨੂੰ ਕੜੇ ਵੰਡੇ ਹਨ ਤੇ ਉਹਨਾਂ ਨੂੰ ਕਕਾਰ ਧਾਰਨ ਕਰਨ ਲਈ ਪ੍ਰੇਰਿਆ।