ਮਾਨਵਜੋਤ ਭਿੰਡਰਡਕਾਲਾ, 4 ਫਰਵਰੀਅਕਾਲ ਅਕਾਦਮੀ ਬਲਬੇੜਾ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕਤਾ ਫੈਲਾਉਣ ਲਈ ਨਸ਼ਿਆਂ ਖ਼ਿਲਾਫ਼ ਰੈਲੀ ਕੀਤੀ ਗਈ| ਇਸ ਦੌਰਾਨ ਜਿੱਥੇ ਪਹਿਲਾਂ ਨਸ਼ਿਆਂ ਖ਼ਿਲਾਫ਼ ਹੋਕਾ ਦਿੰਦਾ ਨਾਟਕ ਖੇਡਿਆ ਗਿਆ ਉਥੇ ਬਾਅਦ ’ਚ ਇਲਾਕੇ ਅੰਦਰ ਜਾਗਰੂਕਤਾ ਰੈਲੀ ਕੱਢ ਕੇ ਚੰਗੇ ਸਮਾਜ ਦੀ ਉਸਾਰੀ ਦਾ ਸੱਦਾ ਦਿੱਤਾ| ਵਿਦਿਆਰਥੀਆਂ ਨੇ ਨਸ਼ਿਆਂ ਖ਼ਿਲਾਫ਼ ਵੱਖ ਵੱਖ ਤਰ੍ਹਾਂ ਦੇ ਨਾਅਰਿਆਂ ਵਾਲੇ ਬੋਰਡ ਤੇ ਫਲੈਕਸ ਵੀ ਚੁੱਕੇ ਹੋਏ ਸਨ| ਅਧਿਆਪਕਾਂ ਨੇ ਨੌਜਵਾਨਾਂ ਨੂੰ ਆਪੋ-ਆਪਣੇ ਪਿੰਡਾਂ ਅੰਦਰ ਵੀ ਨਸ਼ਿਆਂ ਦੇ ਮਾੜੇ ਤੇ ਮਾਰੂ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਆ| ਇਸ ਦੌਰਾਨ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨਸ਼ਾ ਮੁਕਤ ਜੀਵਨ ਇੱਕ ਸਿਹਤਮੰਦ ਅਤੇ ਉੱਜਵਲ ਭਵਿੱਖ ਦੀ ਕੂੰਜੀ ਹੈ| ਸਕੂਲ ਪ੍ਰਿੰਸੀਪਲ ਕਮ ਮੈਗਾ ਕਲਸਟਰ ਹੈੱਡ ਅਕਾਲ ਅਕਾਦਮੀ ਬਲਬੇੜਾ ਮੀਰਾ ਵਰਮਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸੱਦਾ ਦਿੱਤਾ ਕਿ ਸੰਸਥਾ ਦੇ ਸਾਰੇ ਵਿਦਿਆਰਥੀ ਤੇ ਅਧਿਆਪਕ ਨਸ਼ਿਆਂ ਖ਼ਿਲਾਫ਼ ਅਜਿਹਾ ਸੁਨੇਹਾਂ ਪਿੰਡ-ਪਿੰਡ ਤੇ ਘਰ-ਘਰ ਪਹੁੰਚਾਉਣ| ਪੰਜਾਬ ਨੂੰ ਨਸ਼ਾ ਰਹਿਤ ਬਣਾਉਣ ਲਈ ਹਰੇਕ ਨੂੰ ਯੋਗਦਾਨ ਪਾਉਣ ਦੀ ਵੱਡੀ ਲੋੜ ਹੈ| ਇਸ ਮੌਕੇ ਵਿਦਿਆਰਥੀਆਂ ਦੀ ਹੌਂਸਲਾ-ਅਫਜ਼ਾਈ ਵੀ ਕੀਤੀ ਗਈ|