ਜਗਜੀਤ ਸਿੰਘ ਸਿੱਧੂਤਲਵੰਡੀ ਸਾਬੋ, 13 ਅਪਰੈਲਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਵਿਸਾਖੀ ਮੇਲੇ ਮੌਕੇ ਕੀਤੀ ਗਈ ਪਾਰਟੀ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਵਰਕਰਾਂ ਨੇ ਫ਼ੈਸਲਾ ਕੀਤਾ ਹੈ ਕਿ 2027 ਵਿਚ ਅਕਾਲੀ ਦਲ ਨੂੰ ਮੁੜ ਸੱਤਾ ਵਿਚ ਲਿਆਂਦਾ ਜਾਵੇਗਾ ਅਤੇ ਸਪੱਸ਼ਟ ਕੀਤਾ ਕਿ ਇੱਕ ਵਾਰ ਅਜਿਹਾ ਹੋ ਗਿਆ ਤਾਂ ਪੰਜਾਬ ਵਿੱਚ ਕੋਈ ਗੈਂਗਸਟਰ ਜਾਂ ਨਸ਼ਾ ਤਸਕਰ ਨਹੀਂ ਰਹੇਗਾ ਤੇ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਹੀ ਦਿੱਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਉਹ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਲਈ ਦ੍ਰਿੜ੍ਹ ਸੰਕਲਪ ਹਨ। ਉਹ ਅਜਿਹੀਆਂ ਸਮਾਜ ਭਲਾਈ ਸਕੀਮਾਂ ਸ਼ੁਰੂ ਕਰਨਗੇ ਕਿ ਕਮਜ਼ੋਰ ਵਰਗਾਂ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਅਕਾਲੀ ਦਲ ‘ਆਟਾ ਦਾਲ’ ਸਕੀਮ ਮੁੜ ਸ਼ੁਰੂ ਕਰੇਗਾ ਅਤੇ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਦੀ ਰਾਸ਼ੀ ਦੁੱਗਣੀ ਕੀਤੀ ਜਾਵੇਗੀ। ਕਾਨੂੰਨ ਪਾਸ ਕਰ ਕੇ ਬਾਹਰਲਿਆਂ ਦੇ ਪੰਜਾਬ ਵਿਚ ਖੇਤੀਯੋਗ ਜ਼ਮੀਨ ਖਰੀਦਣ ’ਤੇ ਪਾਬੰਦੀ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀਅਤ ਅਤੇ ਖਾਲਸਾ ਪੰਥ ਦੇ ਹਿੱਤਾਂ ਵਾਸਤੇ ਸਾਰੇ ਅਕਾਲੀਆਂ ਨੂੰ ਪਾਰਟੀ ਵਿੱਚ ਵਾਪਸ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਪੰਜਾਬ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਦੀ ਲੁੱਟ ਤੋਂ ਬਚਾਇਆ ਜਾਵੇ ਤੇ ਅਕਾਲੀ ਦਲ ’ਚ ਭਰੋਸਾ ਪ੍ਰਗਟਾਇਆ ਜਾਵੇ।ਉਨ੍ਹਾਂ ਕਿਹਾ ਕਿ ਪਾਰਟੀ ਦਾ ਨੁਕਸਾਨ ਕਰਨ ਵਾਸਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਅਤੇ ਸਿੱਖ ਸੰਸਥਾਵਾਂ ਦੀ ਸਾਖ਼ ਨੂੰ ਖੋਰਾ ਲਾਇਆ ਜਾ ਰਿਹਾ ਹੈ। ਸ੍ਰੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦਾ ਵਿਸਥਾਰ ਕਰ ਕੇ ਉਨ੍ਹਾਂ ਨੂੰ ਸਰਕਾਰੀ ਕੰਟਰੋਲ ਅਧੀਨ ਕਰ ਦਿੱਤਾ ਗਿਆ ਹੈ ਅਤੇ ਅਜਿਹਾ ਸਭ ਕੁਝ ਤਦ ਸ਼ੁਰੂ ਹੋਇਆ ਜਦ ਅਕਾਲੀ ਦਲ ਨੇ ਐੱਨਡੀਏ ਛੱਡਿਆ। ਸ੍ਰੀ ਬਾਦਲ ਨੇ ਕਿਹਾ ਕਿ ਹਾਲ ਹੀ ਵਿੱਚ ਸੁਰੱਖਿਆ ਤੇ ਹੋਰ ਲਾਲਚ ਦੇ ਕੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਗਈ।ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਅਤੇ ਹੋਰਾਂ ਨੇ ਪੰਥ ਦੇ ਵੱਕਾਰ ਨੂੰ ਮਜ਼ਬੂਤ ਕਰਨ ਦੀ ਥਾਂ ਇਸ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹਨ ਜਿਸ ਨੇ ਤਖ਼ਤ ਦਾ ਕੰਟਰੋਲ ਉਸ ਕੇਂਦਰ ਸਰਕਾਰ ਤੋਂ ਵਾਪਸ ਲੈ ਲਿਆ ਜਿਸ ਨੇ ਜਥੇਦਾਰਾਂ ’ਤੇ ਸਿੱਖ ਕੌਮ ਖ਼ਿਲਾਫ਼ ਸਟੈਂਡ ਲੈਣ ਲਈ ਦਬਾਅ ਬਣਾਇਆ। ਉਨ੍ਹਾਂ ਕਿਹਾ ਕਿ ‘ਆਪ’ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਪੰਜਾਬ ਨੂੰ ਲੁੱਟ ਰਹੀ ਹੈ ਤੇ ਅਰਵਿੰਦ ਕੇਜਰੀਵਾਲ ਅਸਿੱਧੇ ਤੌਰ ’ਤੇ ਮੁੱਖ ਮੰਤਰੀ ਬਣ ਗਏ ਹਨ।ਕਾਨਫਰੰਸ ਨੂੰ ਅਕਾਲੀ ਦਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਸੀਨੀਅਰ ਆਗੂ ਪਰਮਜੀਤ ਸਿੰਘ ਸਰਨਾ, ਡਾ. ਦਲਜੀਤ ਸਿੰਘ ਚੀਮਾ, ਹਰਗੋਬਿੰਦ ਕੌਰ, ਸਰਬਜੀਤ ਸਿੰਘ ਝਿੰਜਰ, ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਰਵੀਪ੍ਰੀਤ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ।