ਅਕਾਲੀ ਦਲ ਨੇ ਚਾਰ ਆਗੂ ਵਰਕਿੰਗ ਕਮੇਟੀ ’ਚ ਲਏ
ਮਾਨਸਾ (ਪੱਤਰ ਪ੍ਰੇਰਕ ): ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਵੇਂ ਜਥੇਬੰਦਕ ਢਾਂਚੇ ਦੇ ਐਲਾਨ ਵਿੱਚ ਮਾਨਸਾ ਜ਼ਿਲ੍ਹੇ ਦੇ ਚਾਰ ਸੀਨੀਅਰ ਆਗੂਆਂ ਨੂੰ ਵਰਕਿੰਗ ਕਮੇਟੀ ਵਿੱਚ ਸ਼ਾਮਲ ਕਰਨ ਦੇ ਐਲਾਨ ਤੋਂ ਬਾਅਦ ਜ਼ਿਲ੍ਹੇ ਵਿੱਚ ਅਕਾਲੀ ਸਰਗਰਮੀਆਂ ਵਿੱਚ ਅਚਾਨਕ ਤੇਜ਼ੀ ਆਈ ਹੈ। ਪਾਰਟੀ ਵੱਲੋਂ ਮਾਨਸਾ ਦੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ, ਮਾਨਸਾ ਵਿਧਾਨ ਸਭਾ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਗੁਰਮੇਲ ਸਿੰਘ ਫਫੜੇ ਭਾਈਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੂੰ ਵਰਕਿੰਗ ਕਮੇਟੀ ਵਿੱਚ ਲਿਆ ਗਿਆ ਹੈ। ਇਨ੍ਹਾਂ ਨਵੇਂ ਅਹੁਦੇਦਾਰਾਂ ’ਚੋਂ ਇਸ ਵੇਲੇ ਗੁਰਮੇਲ ਸਿੰਘ ਫਫੜੇ ਭਾਈਕੇ ਕਿਸੇ ਘਰੇਲੂ ਕਾਰਨ ਕਰਕੇ ਅਮਰੀਕਾ ਗਏ ਹੋਏ ਹਨ, ਉਨ੍ਹਾਂ ਉਥੋਂ ਹੀ ਪਾਰਟੀ ਵਰਕਰਾਂ ਨੂੰ ਜ਼ਿਲ੍ਹੇ ਵਿੱਚ ਸਗਰਮੀਆਂ ਤੇਜ਼ ਕਰਨ ਦਾ ਸੰਦੇਸ਼ ਭੇਜਿਆ ਹੈ ਅਤੇ ਛੇਤੀ ਵਤਨ ਵਾਪਸ ਪਰਤ ਆਉਣ ਦਾ ਭਰੋਸਾ ਪ੍ਰਗਟਾਇਆ ਹੈ। ਇਸੇ ਤਰ੍ਹਾਂ ਪਾਰਟੀ ਵੱਲੋਂ ਦਿਲਰਾਜ ਸਿੰਘ ਨੇ ਸਰਦੂਲਗੜ੍ਹ ਵਿੱਚ ਅਤੇ ਪ੍ਰੇਮ ਅਰੋੜਾ ਵੱਲੋਂ ਮਾਨਸਾ ਵਿੱਚ ਨਵੇਂ ਅਹੁਦੇਦਾਰਾਂ ਦੇ ਚਾਅ ਵਿੱਚ ਲੱਡੂ ਵੰਡੇ।