For the best experience, open
https://m.punjabitribuneonline.com
on your mobile browser.
Advertisement

ਅਕਾਦਮਿਕ ਤਣਾਅ ਤੇ ਖ਼ੁਦਕੁਸ਼ੀਆਂ

04:38 AM Mar 28, 2025 IST
ਅਕਾਦਮਿਕ ਤਣਾਅ ਤੇ ਖ਼ੁਦਕੁਸ਼ੀਆਂ
Advertisement

ਆਈਆਈਟੀ-ਰੋਪੜ ਦੇ ਆਖਰੀ ਵਰ੍ਹੇ ਦੇ ਇਕ ਵਿਦਿਆਰਥੀ ਨੇ ਮਾੜੇ ਅੰਕ ਆਉਣ ਤੋਂ ਹਫ਼ਤੇ ਬਾਅਦ ਖ਼ੁਦਕੁਸ਼ੀ ਕਰ ਲਈ। ਜ਼ਾਹਿਰਾ ਤੌਰ ’ਤੇ ਉਸ ਦੀ ਨਾਕਾਫ਼ੀ ਭਾਸ਼ਾਈ ਯੋਗਤਾ ਨੇ ਉਸ ਨੂੰ ਜ਼ਹਿਰ ਖਾਣ ਵੱਲ ਤੋਰਿਆ ਹੈ। ਖ਼ੁਦਕੁਸ਼ੀ ਨੋਟ ਵਿਚ, ਮੇਰੀਮੇਸੀ ਅਰੁਣ ਨੇ ਆਪਣੇ ਮਾਪਿਆਂ ਤੋਂ ਉਨ੍ਹਾਂ ਦੀਆਂ ਉਮੀਦਾਂ ’ਤੇ ਖ਼ਰਾ ਨਾ ਉਤਰਨ ਲਈ ਮੁਆਫ਼ੀ ਮੰਗੀ ਹੈ। ਔਖਿਆਈ ਤੇ ਅਸਹਿ ਦਬਾਅ ਵੱਲੋਂ ਜਵਾਨ ਜ਼ਿੰਦਗੀ ਨਿਗ਼ਲ ਲਏ ਜਾਣ ਦੀ ਇਹ ਇਕ ਹੋਰ ਦੁਖਦਾਈ ਘਟਨਾ ਵਾਪਰੀ ਹੈ। ਜਾਪਦਾ ਹੈ ਕਿ ਦੇਸ਼ ਦੇ ਸਭ ਤੋਂ ਚੋਟੀ ਦੇ ਸਿੱਖਿਆ ਅਦਾਰਿਆਂ ਵਿਚ ਦਾਖਲਾ ਮਿਲਣ ਤੋਂ ਬਾਅਦ ਵੀ ਵਿਦਿਆਰਥੀਆਂ ਲਈ ਕੋਈ ਰਾਹਤ ਨਹੀਂ ਹੈ। ਉਨ੍ਹਾਂ ਨੂੰ ਬੇਰਹਿਮ ਮੁਕਾਬਲੇ ’ਚੋਂ ਲੰਘਣਾ ਪੈਂਦਾ ਹੈ ਤੇ ਹਰ ਵੇਲੇ ਖ਼ੁਦ ਨੂੰ ਸਾਬਿਤ ਕਰਨਾ ਪੈਂਦਾ ਹੈ। ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੀ ਅਕਾਦਮਿਕ ਯਾਤਰਾ ਹੋਂਦ ਦਾ ਡਾਰਵਿਨਵਾਦੀ ਸੰਘਰਸ਼ ਬਣ ਕੇ ਰਹਿ ਗਈ ਹੈ। ਤੇ ਜਿਹੜੇ ਸਭ ਤੋਂ ਕਾਬਿਲ ਅਤੇ ਕਰੜੇ ਨਹੀਂ ਹਨ, ਸੌਖੇ ਜਿਹੇ ਢੰਗ ਨਾਲ ਦੌੜ ’ਚੋਂ ਬਾਹਰ ਹੋ ਜਾਂਦੇ ਹਨ, ਜਾਂ ਇਸ ਤੋਂ ਵੀ ਬਦਤਰ, ਆਪਣੀਆਂ ਜ਼ਿੰਦਗੀਆਂ ਨੂੰ ਖ਼ਤਮ ਕਰਨਾ ਚੁਣਦੇ ਹਨ।
ਸੁਪਰੀਮ ਕੋਰਟ ਨੇ ਇਸੇ ਹਫ਼ਤੇ ਦੇ ਸ਼ੁਰੂ ’ਚ ਬਿਲਕੁਲ ਦਰੁਸਤ ਫਰਮਾਇਆ ਹੈ ਕਿ ਅੰਕ ਆਧਾਰਿਤ ਸਿੱਖਿਆ ਢਾਂਚੇ ਵਿਚ ਕਾਰਗੁਜ਼ਾਰੀ ਦਾ ਅਣਥੱਕ ਦਬਾਅ ਅਤੇ ਮੋਹਰੀ ਸੰਸਥਾਵਾਂ ਵਿਚ ਸੀਮਤ ਸੀਟਾਂ ਲਈ ਅਤਿ ਦਾ ਮੁਕਾਬਲਾ ਵਿਦਿਆਰਥੀਆਂ ’ਤੇ ‘ਭਿਆਨਕ ਬੋਝ’ ਪਾ ਰਿਹਾ ਹੈ। ਇਸ ਨੇ ਉਨ੍ਹਾਂ ਦੀ ਮਾਨਸਿਕ ਹਾਲਤ ਨਾਲ ਜੁੜੀਆਂ ਚਿੰਤਾਵਾਂ ਤੇ ਖ਼ੁਦਕੁਸ਼ੀਆਂ ਦੀ ਰੋਕਥਾਮ ਲਈ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਉੱਦਮ ਸ਼ਲਾਘਾਯੋਗ ਹੈ, ਪਰ ਇਸ ਦੀ ਸਫ਼ਲਤਾ ਜ਼ਿਆਦਾਤਰ ਇਸ ਗੱਲ ਉਤੇ ਨਿਰਭਰ ਕਰੇਗੀ ਕਿ ਕੀ ਮੁੱਖ ਹਿੱਤਧਾਰਕ - ਯੂਨੀਵਰਸਿਟੀਆਂ, ਕਾਲਜ, ਕੋਚਿੰਗ ਕੇਂਦਰ, ਮਾਪੇ - ਆਤਮ ਚਿੰਤਨ ਤੇ ਸੁਧਾਰ ਕਰਨ ਦੀ ਇੱਛਾ ਰੱਖਦੇ ਹਨ। ਨਤੀਜਿਆਂ ਤੇ ਉਪਲਬਧੀਆਂ ਨਾਲ ਇਹ ਉਨ੍ਹਾਂ ਦਾ ਲਗਾਅ ਹੀ ਹੈ ਜੋ ਨੌਜਵਾਨਾਂ ਨੂੰ ਇਸ ਦਲਦਲ ’ਚ ਡੂੰਘਾ ਧੱਕ ਰਿਹਾ ਹੈ।
ਸੰਸਥਾਗਤ ਘਾਟਾਂ ਤੇ ਮਾਪਿਆਂ ਦੀ ਜਵਾਬਦੇਹੀ ਦੀ ਕਮੀ ਨੇ ਬਹੁਤ ਹੀ ਅਫ਼ਸੋਸਨਾਕ ਸਥਿਤੀ ਪੈਦਾ ਕਰ ਦਿੱਤੀ ਹੈ। ਦੋਵੇਂ ਧਿਰਾਂ ਨੌਜਵਾਨਾਂ ਦੇ ਦੁੱਖਾਂ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਉਂਦੀਆਂ ਹਨ। ਇਹ ਬੇਸ਼ੱਕ ਸਾਂਝੀ ਨਾਕਾਮੀ ਹੈ ਤੇ ਇਕ-ਦੂਜੇ ’ਤੇ ਦੋਸ਼ ਮੜ੍ਹਨ ਲਈ ਇੱਥੇ ਕੋਈ ਥਾਂ ਨਹੀਂ ਹੈ। ਸ਼ੁਰੂਆਤ ’ਚ ਹੀ ਤਣਾਅ ਦੀ ਸ਼ਨਾਖ਼ਤ ਕਰਨ ਉਤੇ ਧਿਆਨ ਦੇਣਾ ਚਾਹੀਦਾ ਹੈ ਤੇ ਹੱਲ ਲਈ ਸਮੇਂ ਸਿਰ ਕਦਮ ਚੁੱਕਣੇ ਚਾਹੀਦੇ ਹਨ। ਵਿਦਿਆਰਥੀਆਂ ਦੀ ਸਲਾਮਤੀ ਨੂੰ ਕਿਸੇ ਵੀ ਹੋਰ ਚੀਜ਼ ਨਾਲੋਂ ਤਰਜੀਹ ਮਿਲਣੀ ਚਾਹੀਦੀ ਹੈ। ਇਕ ਦੇਸ਼, ਜੋ 2047 ਤੱਕ ਵਿਕਸਿਤ ਬਣਨ ਦੀ ਖਾਹਿਸ਼ ਪਾਲ ਰਿਹਾ ਹੈ, ਨੂੰ ਤੁਰੰਤ ਆਪਣੇ ਲਈ ਟੀਚਾ ਮਿੱਥਣਾ ਚਾਹੀਦਾ ਹੈ: ਹਰੇਕ ਵਿਦਿਆਰਥੀ ਦੀ ਭਲਾਈ ਅਤੇ ਜ਼ਿੰਦਗੀ ਦੀ ਰਾਖੀ। ਆਖਿ਼ਰਕਾਰ, ਇੱਥੇ ਭਾਰਤ ਦਾ ਭਵਿੱਖ ਦਾਅ ਉਤੇ ਲੱਗਾ ਹੋਇਆ ਹੈ। ਇਸ ਲਈ ਇਸ ਪਾਸੇ ਤੁਰੰਤ ਅਤੇ ਕਾਰਗਰ ਢੰਗ ਨਾਲ ਧਿਆਨ ਦੇਣ ਦੀ ਲੋੜ ਹੈ।

Advertisement

Advertisement
Advertisement
Advertisement
Author Image

Jasvir Samar

View all posts

Advertisement