ਅਈਅਰ ਨੂੰ ਭਾਰਤੀ ਕ੍ਰਿਕਟ ਟੀਮ ’ਚ ਵੱਧ ਮੌਕੇ ਮਿਲਣ ਦੀ ਉਮੀਦ

ਪੋਰਟ ਆਫ ਸਪੇਨ, 12 ਅਗਸਤ

ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਉਮੀਦ ਹੈ ਕਿ ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਇੱਕ ਰੋਜ਼ਾ ਮੈਚ ਵਿੱਚ 71 ਦੌੜਾਂ ਦੀ ਖੇਡੀ ਪਾਰੀ ਕਾਰਨ ਉਸ ਨੂੰ ਭਾਰਤੀ ਟੀਮ ਵਿੱਚ ਪੱਕੀ ਥਾਂ ਬਣਾਉਣ ਵਿੱਚ ਮਦਦ ਮਿਲੇਗੀ। ਉਸ ਨੇ ਆਪਣੇ ਇਸ ਪ੍ਰਦਰਸ਼ਨ ਦਾ ਸਿਹਰਾ ਭਾਰਤ ‘ਏ’ ਟੀਮ ਨਾਲ ਜੁੜੇ ਰਹਿਣ ਨੂੰ ਦਿੱਤਾ।
ਅਈਅਰ ਨੂੰ ਇੱਕ ਸਾਲ ਮਗਰੋਂ ਭਾਰਤੀ ਟੀਮ ਵਿੱਚ ਥਾਂ ਮਿਲੀ ਹੈ। ਉਸ ਨੇ ਵੈਸਟ ਇੰਡੀਜ਼ ਖ਼ਿਲਾਫ਼ 59 ਦੌੜਾਂ ਦੀ ਜਿੱਤ ਦੌਰਾਨ 68 ਗੇਂਦਾਂ ਵਿੱਚ 71 ਦੌੜਾਂ ਦੀ ਅਹਿਮ ਪਾਰੀ ਖੇਡੀ। ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਕਰਦਿਆਂ ਅਈਅਰ ਨੇ ਕਪਤਾਨ ਵਿਰਾਟ ਕੋਹਲੀ (120 ਦੌੜਾਂ) ਨਾਲ 125 ਦੌੜਾਂ ਦੀ ਭਾਈਵਾਲੀ ਕੀਤੀ, ਜਿਸ ਦੀ ਬਦੌਲਤ ਭਾਰਤ ਨੇ ਸੱਤ ਵਿਕਟਾਂ ’ਤੇ 279 ਦੌੜਾਂ ਬਣਾਈਆਂ।
ਕੋਹਲੀ ਨੇ ਵੀ ਮੈਚ ਮਗਰੋਂ ਕਿਹਾ ਕਿ ਅਈਅਰ ਦੀ ਪਾਰੀ ਨੇ ਉਸ ਉਪਰੋਂ ਦਬਾਅ ਨੂੰ ਘੱਟ ਕੀਤਾ। ਟੀ-20 ਲੜੀ ਦੌਰਾਨ ਮੌਕੇ ਤੋਂ ਵਾਂਝੇ ਰਹੇ 24 ਸਾਲ ਦੇ ਅਈਅਰ ਨੇ ਕਿਹਾ, ‘‘ਮੈਂ ਕੁੱਝ ਸਮੇਂ ਲਈ ਟੀਮ ਵਿੱਚ ਰਹਿਣਾ ਚਾਹੁੰਦਾ ਹਾਂ, ਲਗਾਤਾਰਤਾ ਹਮੇਸ਼ਾ ਅਹਿਮ ਹੁੰਦੀ ਹੈ। ਮੈਂ ਚੰਗਾ ਪ੍ਰਰਦਸ਼ਨ ਕਰਨਾ ਚਾਹੁੰਦਾ ਹਾਂ ਅਤੇ ਟੀਮ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹਾਂ।’’
ਕੋਹਲੀ ਨਾਲ ਭਾਈਵਾਲੀ ਬਾਰੇ ਅਈਅਰ ਨੇ ਕਿਹਾ, ‘‘ਮੈਂ ਕੋਈ ਜ਼ੋਖ਼ਮ ਨਾ ਲੈਣ ਦਾ ਫ਼ੈਸਲਾ ਕੀਤਾ ਅਤੇ ਵਿਰਾਟ ਵੀ ਨੇ ਕਿਹਾ ਕਿ ਸਾਨੂੰ ਭਾਈਵਾਲੀ ਕਰਨ ਦੀ ਲੋੜ ਹੈ।’’ ਉਸ ਨੇ ਕਿਹਾ, ‘‘ਉਸ ਨੇ ਮੇਰਾ ਚੰਗਾ ਸਮਰਥਨ ਕੀਤਾ, ਅਸੀਂ ਇੱਕ ਅਤੇ ਦੋ ਦੌੜਾਂ ਲਈ ਅਤੇ ਜਦੋਂ ਮੌਕਾ ਮਿਲਿਆ ਚੌਕਾ ਜਾਂ ਛੱਕਾ ਮਾਰਿਆ। ਅਸੀਂ ਫ਼ੈਸਲਾ ਕੀਤਾ ਕਿ 250 ਦੌੜਾਂ ਚੰਗਾ ਸਕੋਰ ਰਹੇਗਾ, ਬੇਸ਼ੱਕ ਅਸੀਂ 30 ਦੌੜਾਂ ਵੱਧ ਬਣਾਈਆਂ। ਉਸ ਨੇ ਮੈਨੂੰ ਘੱਟ ਤੋਂ ਘੱਟ 45ਵੇਂ ਓਵਰ ਤੱਕ ਬੱਲੇਬਾਜ਼ੀ ਕਰਨ ਨੂੰ ਕਿਹਾ।’’ -ਪੀਟੀਆਈ